ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਸਖ਼ਤ : PWD ਨਿਗਰਾਨ ਇੰਜੀਨੀਅਰ ਮੁਅੱਤਲ

ਏਜੰਸੀ

ਖ਼ਬਰਾਂ, ਪੰਜਾਬ

ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਹਰਭਜਨ ਸਿੰਘ ETO 

PWD supervising engineer suspended

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਚਲਦੇ ਹੀ ਹੁਣ ਸਰਕਾਰ ਵਲੋਂ ਲੋਕ ਨਿਰਮਾਣ ਵਿਭਾਗ ਹੁਸ਼ਿਆਸਪੁਰ ਦੇ ਨਿਗਰਾਨ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਨਿਗਰਾਨ ਇੰਜੀਨੀਅਰ ਵਰਿੰਦਰ ਕੁਮਾਰ ਹੁਸ਼ਿਆਰਪੁਰ ਵਿੱਚ ਆਪਣੀ ਸਰਕਾਰੀ ਸੇਵਾ ਨਿਭਾ ਰਿਹਾ ਸੀ ਅਤੇ ਉਸ ਵਲੋਂ ਠੇਕੇਦਾਰ ਤੋਂ ਰਿਸ਼ਵਤ ਲੈਣ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਉਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਮੌਕੇ ਹਰਭਜਨ ਸਿੰਘ ETO ਨੇ ਕਿਹਾ ਕਿ ਅਫਸਰ ਖਿਲਾਫ ਪਹਿਲਾਂ ਵੀ ਪ੍ਰੀਵੈਂਸ਼ਨ ਆਫ ਕਰੱਪਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ।

ਹੁਣ ਪੰਜਾਬ ਸਿਵਲ ਸੇਵਾ ਨਿਯਮ ਤਹਿਤ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਉਸ ਦਾ ਹੈੱਡਕੁਆਰਟਰ ਪਟਿਆਲਾ ਬਣਾ ਦਿੱਤਾ ਗਿਆ ਹੈ। ਇਸ ਚਿਠੀ ਵਿਚ ਕਿਹਾ ਗਿਆ ਹੈ ਕਿ ਉਕਤ ਨਿਗਰਾਨ ਇੰਜੀਨੀਅਰ ਵਰਿੰਦਰ ਕੁਮਾਰ  ਚੀਫ ਇੰਜੀਨੀਅਰ (ਹੈਊਡਕੁਆਰਟਰ) ਦੀ ਮਨਜ਼ੂਰੀ ਬਗੈਰ ਹੈੱਡਕੁਆਰਟਰ ਨਹੀਂ ਛੱਡੇਗਾ। ਮੰਤਰੀ ਹਰਭਜਨ ਸਿੰਘ ਨੇ ਕਿਹਾ ਹੈ ਕਿ ਮਾਨ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਹੈ, ਸੂਬੇ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ।

ਇਸ ਮਾਮਲੇ ਵਿੱਚ ਬਟਾਲਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਵੀਡੀਓ ਵੀ ਸਬੂਤ ਵਜੋਂ ਪੇਸ਼ ਕੀਤਾ। ਇਸ ਵਿੱਚ ਵਰਿੰਦਰ ਕੁਮਾਰ ਨੇ ਉਸ ਤੋਂ ਰਿਸ਼ਵਤ ਲਈ। ਅਦਾਲਤ ਨੇ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਵਿੱਚ ਵਰਿੰਦਰ ਕੁਮਾਰ ਦੇ ਰਿਸ਼ਵਤ ਲੈਣ ਅਤੇ ਸਰਕਾਰੀ ਅਹੁਦੇ ਦੀ ਗ਼ਲਤ ਵਰਤੋਂ ਦੇ ਦੋਸ਼ ਸਹੀ ਸਾਬਤ ਹੋਏ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕਰ ਦਿਤਾ ਗਿਆ ਹੈ।