ਸ੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ 16 ਹੋਰਾਂ ਦੇ ਦੇਸ਼ ਛੱਡਣ ’ਤੇ ਲੱਗੀ ਰੋਕ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ 16 ਹੋਰਾਂ ਦੇ ਦੇਸ਼ ਛੱਡਣ ’ਤੇ ਲੱਗੀ ਰੋਕ

image

ਕੋਲੰਬੋ, 12 ਮਈ : ਸ੍ਰੀਲੰਕਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ, ਉਨ੍ਹਾਂ ਦੇ ਪੁੱਤਰ ਨਮਲ ਰਾਜਪਕਸ਼ੇ ਅਤੇ 15 ਹੋਰਾਂ ਦੇ ਦੇਸ਼ ਛੱਡਣ ਤੋਂ ਰੋਕ ਲਗਾ ਦਿਤੀ ਹੈ। ਅਦਾਲਤ ਦਾ ਇਹ ਰੋਕ ਪਿਛਲੇ ਹਫ਼ਤੇ ਕੋਲੰਬੋ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਲਗਾਈ ਹੈ। ਨਿਊਜ਼ ਫ਼ਸਟ ਵੈੱਬਸਾਈਟ ਨੇ ਦਸਿਆ ਕਿ ਫ਼ੋਰਟ ਮੈਜਿਸਟ੍ਰੇਟ ਦੀ ਅਦਾਲਤ ਨੇ ਉਨ੍ਹਾਂ ਦੇ ਵਿਦੇਸ਼ ਜਾਣ ’ਤੇ ਰੋਕ, ਸੋਮਵਾਰ ਨੂੰ ਗੋਟਾਗੋਗਾਮਾ ਅਤੇ ਮਿਨਾਗੋਗਾਮਾ ਪ੍ਰਦਰਸ਼ਨ ਸਥਾਨ ’ਤੇ ਹੋਏ ਹਮਲੇ ਦੀ ਜਾਂਚ ਦੇ ਮੱਦੇਨਜ਼ਰ ਲਗਾਈ ਹੈ। ਖ਼ਬਰ ਮੁਤਾਬਕ ਜਿਨ੍ਹਾਂ ਲੋਕਾਂ ’ਤੇ ਦੇਸ਼ ਛੱਡਣ ’ਤੇ ਰੋਕ ਲਗਾਈ ਗਈ ਹੈ, ਉਨ੍ਹਾਂ ’ਚ ਐਮ.ਪੀ. ਜਾਨਸਨ ਫਰਨਾਂਡੋ, ਪਵਿੱਤਰਾ ਵੰਨੀਰਚੀ, ਸੰਜੀਵਾ ਇਦੀਰਿਮਾਨੇ, ਕੰਚਨਾ ਜੈਰਤਨੇ, ਰੋਹਿਤਾ ਅਬੇਗੁਨਾਵਰਧਨਾ, ਸੀਬੀ ਰਤਨਾਇਕੇ, ਸੰਪਤ ਅਤੁਕੋਰਾਲਾ, ਰੇਣੂਕਾ ਪਰੇਰਾ, ਸਨਥ ਨਿਸ਼ਾਂਤ, ਸੀਨੀਅਰ ਡੀ.ਆਈ.ਜੀ. ਦੇਸ਼ਬੰਧੂ ਟੇਨੇਕੂਨ ਸ਼ਾਮਲ ਹਨ। ਇਸ ਤੋਂ ਪਹਿਲਾਂ ਅਟਾਰਨੀ ਜਨਰਲ ਨੇ ਇਨ੍ਹਾਂ 17 ਲੋਕਾਂ ਦੀ ਵਿਦੇਸ਼ ਯਾਤਰਾ ’ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਅਦਾਲਤ ਦੇ ਸਾਹਮਣੇ ਦਲੀਲ ਦਿਤੀ ਸੀ ਕਿ ਗੋਟਾਗੋਗਾਮਾ ਅਤੇ ਮਿਨਾਗੋਗਾਮਾ ਪ੍ਰਦਰਸ਼ਨ ਸਥਾਨ ’ਤੇ ਹੋਏ ਹਮਲੇ ਦੀ ਜਾਂਚ ਦੇ ਸਬੰਧ ਵਿੱਚ ਇਨ੍ਹਾਂ ਦੀ ਸ੍ਰੀਲੰਕਾ ਵਿਚ ਮੌਜੂਦਗੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਨ੍ਹਾਂ ਲੋਕਾਂ ਨੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਦੇਸ਼ ਭਰ ’ਚ ਹਿੰਸਾ ਭੜਕ ਗਈ ਸੀ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਦੇਸ਼ ’ਚ ਆਰਥਿਕ ਸੰਕਟ, ਭੋਜਨ ਦੀ ਕਮੀ ਦੇ ਮੱਦੇਨਜ਼ਰ ਰਾਜਪਕਸ਼ੇ ਪਰਵਾਰ ਦੀ ਅਗਵਾਈ ਵਾਲੀ ਸਰਕਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। (ਏਜੰਸੀ)