ਮੁਹਾਲੀ ਦੇ ਬਲਾਕ ਮਾਜਰੀ 'ਚ ਇੱਕ ਸਾਲ ਲਈ 4 ਏਕੜ ਜ਼ਮੀਨ 33.10 ਲੱਖ ਠੇਕੇ 'ਤੇ ਚੜ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਹਾਲੀ ਦੇ ਬਲਾਕ ਮਾਜਰੀ 'ਚ ਜ਼ਮੀਨ ਠੇਕੇ 'ਤੇ ਲੈਣ ਲਈ ਦੋ ਕਿਸਾਨਾਂ ਵਿਚ ਫਸੀ ਗਰਾਰੀ

photo

 

 ਚੰਡੀਗੜ੍ਹ: ਮੁਹਾਲੀ ਦੇ ਪਿੰਡ ਪਲਹੇੜੀ ਬਲਾਮ ਮਾਜਰੀ ਵਿੱਚ ਚਾਰ ਏਕੜ ਪੰਚਾਇਤੀ ਜ਼ਮੀਨ ਲੈਣ ਲਈ ਦੋ ਕਿਸਾਨਾਂ ਵਿੱਚ ਅਜਿਹਾ ਮੁਕਾਬਲਾ ਹੋਇਆ ਕਿ ਇਸ ਜ਼ਮੀਨ ਦੀ ਬੋਲੀ ਇੱਕ ਸਾਲ ਲਈ 33.10 ਲੱਖ ਵਿੱਚ ਪ੍ਰਗਟ ਸਿੰਘ ਦੇ ਨਾਂ ’ਤੇ ਰੁਕੀ। ਆਮ ਤੌਰ ’ਤੇ ਇਸ ਖੇਤਰ ਵਿੱਚ ਜ਼ਮੀਨ ਦਾ ਠੇਕਾ ਚਾਲੀ ਤੋਂ ਪੰਜਾਹ ਹਜ਼ਾਰ ਦੇ ਵਿਚਕਾਰ ਹੁੰਦਾ ਹੈ। ਦਰਅਸਲ ਪਿੰਡ ਦੀ ਇਸ ਜ਼ਮੀਨ ਨੂੰ ਲੈਣ ਲਈ ਪਰਗਟ ਸਿੰਘ ਅਤੇ ਭੁਪਿੰਦਰ ਸਿੰਘ ਵਿਚਕਾਰ ਗਰਾਰੀ ਫਸ ਗਈ ਅਤੇ ਦੋਵੇਂ ਇੱਕ-ਦੂਜੇ ਤੋਂ ਵੱਧ ਬੋਲੀ ਲਗਾਉਂਦੇ ਰਹੇ। ਆਖ਼ਰਕਾਰ ਚਾਰ ਏਕੜ ਜ਼ਮੀਨ ਦਾ ਠੇਕਾ 33.10 ਲੱਖ ਵਿੱਚ ਟੁੱਟ ਗਿਆ।

 

 

ਜ਼ਮੀਨ ਦੀ ਬੋਲੀ ਕਰਵਾ ਰਹੇ ਪੰਚਾਇਤ ਸਕੱਤਰ ਭਰਤ ਪਾਲ ਨੇ ਦੱਸਿਆ ਕਿ ਜ਼ਮੀਨ ਲੈਣ ਵਾਲੇ ਪ੍ਰਗਟ ਸਿੰਘ ਨੇ ਉਸੇ ਸਮੇਂ ਬੋਲੀ ਦੀ ਰਕਮ ਦਾ ਚਾਲੀ ਫੀਸਦੀ ਚੈੱਕ ਦੇ ਦਿੱਤਾ ਅਤੇ ਬਾਕੀ ਰਕਮ ਆਰ.ਟੀ.ਜੀ.ਐਸ ਰਾਹੀਂ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਰਗਟ ਸਿੰਘ ਤੋਂ ਹਲਫ਼ਨਾਮਾ ਲਿਆ ਗਿਆ ਹੈ ਕਿ ਉਹ ਇਸ ਜ਼ਮੀਨ ਨੂੰ ਸਿਰਫ਼ ਖੇਤੀ ਲਈ ਹੀ ਵਰਤਣਗੇ ਅਤੇ ਕਿਸੇ ਕੰਪਨੀ ਨੂੰ ਲੀਜ਼ 'ਤੇ ਨਹੀਂ ਦੇਣਗੇ।

 

ਉਨ੍ਹਾਂ ਕਿਹਾ ਕਿ ਸਾਰਾ ਪੈਸਾ ਸਾਡੇ ਕੋਲ ਜਮ੍ਹਾਂ ਹੋ ਗਿਆ ਹੈ। ਪਤਾ ਲੱਗਾ ਹੈ ਕਿ ਪਰਗਟ ਸਿੰਘ ਅਤੇ ਭੁਪਿੰਦਰ ਸਿੰਘ ਪਹਿਲਾਂ ਹੀ ਇਕ ਦੂਜੇ ਨੂੰ ਕਿਸੇ ਵੀ ਕੀਮਤ 'ਤੇ ਜ਼ਮੀਨ ਨਾ ਲੈਣ ਦੇਣ ਲਈ ਦ੍ਰਿੜ੍ਹ ਸਨ ਅਤੇ ਦੋਵਾਂ ਨੇ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ ਅਤੇ ਇਕ-ਇਕ ਹਜ਼ਾਰ ਰੁਪਏ ਵਧਾਉਂਦੇ ਰਹੇ। ਇਹ ਪੰਚਾਇਤੀ ਜ਼ਮੀਨ ਪਿਛਲੇ ਸਾਲ ਭੁਪਿੰਦਰ ਸਿੰਘ ਨੇ ਲਈ ਸੀ, ਜਿਸ ਨੂੰ ਪ੍ਰਗਟ ਸਿੰਘ ਇਸ ਵਾਰ ਕਿਸੇ ਵੀ ਹਾਲਤ ਵਿੱਚ ਲੈਣਾ ਚਾਹੁੰਦਾ ਸੀ। ਜਦੋਂ ਬੋਲੀ ਤਿੰਨ ਲੱਖ ਨੂੰ ਪਾਰ ਕਰ ਗਈ ਤਾਂ ਬੋਲੀ ਦੌਰਾਨ ਬੈਠੇ ਪਿੰਡ ਪਲਹੇੜੀ ਦੇ ਲੋਕ ਉਤਸੁਕ ਹੋਣ ਲੱਗੇ। ਦੇਖਦੇ ਹੀ ਦੇਖਦੇ ਇਹ 33 ਲੱਖ ਤੱਕ ਪਹੁੰਚ ਗਿਆ।

 

ਪਰਗਟ ਸਿੰਘ ਨੇ 33.10 ਲੱਖ ਦੀ ਆਖਰੀ ਬੋਲੀ ਦਿੱਤੀ। ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੋਲੀ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈ।
ਪੰਚਾਇਤ ਵਿਭਾਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਬੋਲੀ ਲਗਾਉਣ ਵਾਲੇ ਪਰਗਟ ਸਿੰਘ ਨੇ ਮੰਨਿਆ ਕਿ ਜ਼ਮੀਨ ਲੈਣ ਲਈ ਉਨ੍ਹਾਂ ਦੀ ਜ਼ਿੱਦ 'ਤੇ ਇਹ 33.10 ਲੱਖ ਤੱਕ ਪਹੁੰਚ ਗਈ ਪਰ ਮੈਨੂੰ ਖੁਸ਼ੀ ਹੈ ਕਿ ਇਹ ਸਾਰਾ ਪੈਸਾ ਵਿਕਾਸ ਕਾਰਜਾਂ 'ਤੇ ਖਰਚ ਹੋਵੇਗਾ | ਮੈਂ ਪਹਿਲਾਂ ਵੀ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਰਿਹਾ, ਅਜੇ ਵੀ ਦੇਣਾ ਚਾਹੁੰਦਾ ਸੀ ਪਰ ਇਹ ਨਹੀਂ ਸੀ ਪਤਾ ਕਿ ਇਹ ਪੈਸਾ ਇੰਨੀ ਵੱਡੀ ਬੋਲੀ ਦੇਣ ਦੇ ਰੂਪ ਵਿੱਚ ਦੇਣਾ ਪਵੇਗਾ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸਾਨਾਂ 'ਤੇ ਕਰਜ਼ਾ ਵਧਦਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਨੂੰ ਖੁੱਲ੍ਹੀ ਬੋਲੀ ’ਤੇ ਦੇਣਾ ਚੰਗਾ ਕਦਮ ਹੈ ਪਰ ਇਸ ਦੀ ਹੱਦ ਤੈਅ ਹੋਣੀ ਚਾਹੀਦੀ ਹੈ।