ਨੇਪਾਲੀ ਸ਼ੇਰਪਾ ਔਰਤ ਨੇ ਤੋੜਿਆ ਅਪਣਾ ਰਿਕਾਰਡ, 10ਵੀਂ ਵਾਰ ਫ਼ਤਿਹ ਕੀਤਾ ਐਵਰੈਸਟ

ਏਜੰਸੀ

ਖ਼ਬਰਾਂ, ਪੰਜਾਬ

ਨੇਪਾਲੀ ਸ਼ੇਰਪਾ ਔਰਤ ਨੇ ਤੋੜਿਆ ਅਪਣਾ ਰਿਕਾਰਡ, 10ਵੀਂ ਵਾਰ ਫ਼ਤਿਹ ਕੀਤਾ ਐਵਰੈਸਟ

image

ਕਾਠਮੰਡੂ, 12 ਮਈ : ਇਕ ਨੇਪਾਲੀ ਸ਼ੇਰਪਾ ਔਰਤ ਨੇ ਵੀਰਵਾਰ ਨੂੰ ਦੁਨੀਆ ਦੀ ਸੱਭ ਤੋਂ ਉੱਚੀ ਚੋਟੀ ਐਵਰੈਸਟ ਨੂੰ ਸੱਭ ਤੋਂ ਜ਼ਿਆਦਾ ਵਾਰ ਫ਼ਤਹਿ ਕਰਨ ਵਿਚ ਅਪਣਾ ਹੀ ਰਿਕਾਰਡ ਤੋੜ ਦਿਤਾ ਹੈ। ਸ਼ੇਰਪਾ ਦੇ ਭਰਾ ਅਤੇ ਮੁਹਿੰਮ ਦੇ ਪ੍ਰਬੰਧਕ ਮਿੰਗਮਾ ਗੇਲੂ ਨੇ ਕਿਹਾ ਕਿ ਲਕਪਾ ਸ਼ੇਰਪਾ ਅਤੇ ਕਈ ਹੋਰ ਪਰਬਤਾ ਰੋਹੀਆਂ ਨੇ 8,849 ਮੀਟਰ (29,032 ਫ਼ੁੱਟ) ਉੱਚੀ ਚੋਟੀ ’ਤੇ ਪਹੁੰਚਣ ਲਈ ਅਨੁਕੂਲ ਮੌਸਮ ਦਾ ਫ਼ਾਇਦਾ ਉਠਾਇਆ। ਉਨ੍ਹਾਂ ਦਸਿਆ ਕਿ ਸ਼ੇਰਪਾ ਸਿਹਤਮੰਦ ਹੈ ਅਤੇ ਸੁਰੱਖਿਅਤ ਹੇਠਾਂ ਉਤਰ ਰਹੀ ਹੈ।
ਜ਼ਿੰਦਗੀ ਦੇ 48 ਬਸੰਤ ਵੇਖ ਚੁਕੀ ਲਕਪਾ ਸ਼ੇਰਪਾ ਨੂੰ ਕਦੇ ਵੀ ਰਸਮੀ ਸਿਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਉਸ ਨੂੰ ਚੜ੍ਹਾਈ ਕਰਨ ਲਈ ਗੇਅਰ ਅਤੇ ਟ੍ਰੈਕਰਾਂ ਦੀ ਸਪਲਾਈ ਕਰ ਕੇ ਰੋਜ਼ੀ-ਰੋਟੀ ਕਮਾਉਣੀ ਪੈਂਦੀ ਸੀ। ਵੀਰਵਾਰ ਦੀ ਸਫ਼ਲ ਚੜ੍ਹਾਈ ਉਸ ਦੀ 10ਵੀਂ ਚੜ੍ਹਾਈ ਸੀ। ਸ਼ੇਰਪਾ ਨੇ ਹਮੇਸ਼ਾ ਕਿਹਾ ਹੈ ਕਿ ਉਹ ਸਾਰੀਆਂ ਔਰਤਾਂ ਨੂੰ ਪ੍ਰੇਰਤ ਕਰਨਾ ਚਾਹੁੰਦੀ ਹੈ, ਤਾਂ ਜੋ ਉਹ ਵੀ ਅਪਣੇ ਸੁਪਨੇ ਸਾਕਾਰ ਕਰ ਸਕਣ।
ਨੇਪਾਲ ਦੀ ਰਹਿਣ ਵਾਲੀ ਸ਼ੇਰਪਾ ਅਪਣੇ ਤਿੰਨ ਬੱਚਿਆਂ ਨਾਲ ਵੈਸਟ ਹਾਰਟਫ਼ੋਰਡ, ਕਨੈਕਟੀਕਟ, ਅਮਰੀਕਾ ਵਿਚ ਰਹਿੰਦੀ ਹੈ। ਇਕ ਹੋਰ ਨੇਪਾਲੀ ਸ਼ੇਰਪਾ ਗਾਈਡ, ਕਾਮੀ ਰੀਤਾ, ਸ਼ਨੀਵਾਰ ਨੂੰ 26ਵੀਂ ਵਾਰ ਸਿਖਰ ’ਤੇ ਪੁੱਜੀ। ਉਸ ਨੇ ਵੀ ਐਵਰੈਸਟ ਦੀ ਸੱਭ ਤੋਂ ਉੱਚੀ ਚੜ੍ਹਾਈ ਦਾ ਅਪਣਾ ਹੀ ਰਿਕਾਰਡ ਵੀ ਤੋੜ ਦਿਤਾ। ਰੀਟਾ ਨੇ ਸ਼ੇਰਪਾ ਪਰਬਤਾ ਰੋਹੀਆਂ ਦੇ ਇਕ ਸਮੂਹ ਦੀ ਅਗਵਾਈ ਕੀਤੀ, ਜਿਨ੍ਹਾਂ ਨੇ ਰਸਤੇ ਵਿਚ ਰੱਸੀਆਂ ਲਗਾਈਆਂ ਤਾਕਿ  ਸੈਂਕੜੇ ਹੋਰ ਪਰਬਤਾਰੋਹੀ ਮਹੀਨੇ ਦੇ ਅੰਤ ਤਕ ਸਿਖਰ ’ਤੇ ਪਹੁੰਚ ਸਕਣ। (ਏਜੰਸੀ)