ਇਸ ਵਾਰ ਪੰਜਾਬ ਦੇ ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲੱਗੇਗਾ : ਚੀਮਾ

ਏਜੰਸੀ

ਖ਼ਬਰਾਂ, ਪੰਜਾਬ

ਇਸ ਵਾਰ ਪੰਜਾਬ ਦੇ ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲੱਗੇਗਾ : ਚੀਮਾ

image

 

ਚੰਡੀਗੜ੍ਹ, 12 ਮਈ (ਗੁਰਉਪਦੇਸ਼ ਭੁੱਲਰ) : ਇਸ ਵਾਰ ਪੰਜਾਬ ਦੇ ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ ਅਤੇ ਲੋਕਾਂ ਵਲੋਂ ਤਿਆਰ ਬਜਟ ਲੋਕਾਂ ਲਈ ਹੀ ਹੋਵੇਗਾ | ਅੱਜ ਸ਼ਾਮ ਇਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਲੱਗੇ ਟੈਕਸਾਂ ਦੀ ਵਸੂਲੀ 'ਚ ਵਾਧਾ ਨਹੀਂ ਹੋਵੇਗਾ |
ਚੀਮਾ ਨੇ ਕਿਹਾ ਕਿ ਆਮ ਲੋਕਾਂ ਨੇ ਸਰਕਾਰੀ ਪੋਰਟਲ ਰਾਹੀਂ ਨਵੇਂ ਬਜਟ ਲਈ ਅਹਿਮ ਸੁਝਾਅ ਦਿਤੇ ਹਨ | 2 ਤੋਂ 10 ਮਈ ਤਕ ਇਹ ਪੋਰਟਲ ਆਮ ਲੋਕਾਂ ਲਈ ਖੋਲਿ੍ਹਆ ਗਿਆ ਸੀ | 20 ਹਜ਼ਾਰ ਤੋਂ ਵਧ ਸੁਝਾਅ ਆਏ ਹਨ | ਇਸ ਤੋਂ ਇਲਾਵਾ 500 ਮੈਮੋਰੰਡਮ ਪ੍ਰਾਪਤ ਹੋਏ | ਸ਼ਹਿਰਾਂ ਦੇ ਦੌਰੇ ਸਮੇਂ ਵੀ ਵਪਾਰੀਆਂ ਤੇ ਉਦਯੋਗਪਤੀਆਂ ਨੇ ਚੰਗੇ ਸੁਝਾਅ ਦਿਤੇ | ਆਮ ਲੋਕਾਂ ਦੇ ਆਏ ਸੁਝਾਵਾਂ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ 4055 ਔਰਤਾਂ ਦੇ ਸੁਝਾਅ ਆਏ ਹਨ | ਆਮ ਲੋਕਾਂ ਵਲੋਂ ਸੱਭ ਤੋਂ ਵਧ ਸੁਝਾਅ ਜ਼ਿਲ੍ਹਾ ਲੁਧਿਆਣਾ ਤੋਂ ਕੁਲ ਸੁਝਾਵਾਂ ਦਾ 10.41 ਫ਼ੀ ਸਦੀ ਮਿਲੇ | ਇਸ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਅਤੇ ਫ਼ਾਜ਼ਿਲਕਾ ਤੋਂ ਬਜਟ ਬਾਰੇ ਸੁਝਾਅ ਆਏ ਹਨ | ਆਏ ਸੁਝਾਵਾਂ 'ਚ ਇੰਡਸਟਰੀ ਨੂੰ  ਵਧੀਆ ਬੁਨਿਆਦੀ ਢਾਂਚਾ ਤੇ ਮਾਹੌਲ ਦੇਣ, ਇੰਸਪੈਕਟਰੀ ਰਾਜ ਦੇ ਖ਼ਾਤਮੇ, ਬੇਹਤਰ ਸਿਖਿਆ ਤੇ ਸਿਹਤ ਸਹੂਲਤਾਂ, ਨੌਕਰੀਆਂ ਦੇ ਵਧੇਰੇ ਮੌਕੇ ਪੈਦਾ ਕਰਨੇ ਆਦਿ ਸ਼ਾਮਲ ਹਨ | ਚੀਮਾ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਦਸਿਆ ਕਿ 'ਆਪ' ਸਰਕਾਰ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬਧ ਹੈ | ਸਾਰੀਆਂ ਗਾਰੰਟੀਆਂ 5 ਸਾਲ ਦੇ ਸਮੇਂ ਦੌਰਾਨ ਹਰ ਹਾਲਤ 'ਚ 100 ਫ਼ੀ ਸਦੀ ਪੂਰੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਆਮਦਨ ਦੇ ਸਾਧਨ ਕਿਵੇਂ ਪੈਦਾ ਕਰਨੇ ਹਨ ਅਤੇ ਕਰਜ਼ਾ ਕਿਵੇਂ ਖ਼ਤਮ ਕਰਨਾ ਹੈ, ਇਸ ਬਾਰੇ ਨਵੇਂ ਬਜਟ 'ਚ ਤਸਵੀਰ ਸਪਸ਼ਟ ਕਰ ਦਿਤੀ ਜਾਵੇਗੀ | ਚੀਮਾ ਨਾਲ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੀ ਮੌਜੂਦ ਰਹੇ |