ਪਿੰਡ ਛਲੇੜੀ ਦੇ ਲੋਕਾਂ ਨੇ ਪੰਚਾਇਤ ਦੀ 417 ਏਕੜ ਜ਼ਮੀਨ ਪੰਚਾਇਤ ਨੂੰ ਸੌਂਪ ਕੇ ਲਿਆ ਇਤਿਹਾਸਕ ਫ਼ੈਸਲਾ : ਧਾਲੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਛਲੇੜੀ ਦੇ ਲੋਕਾਂ ਨੇ ਪੰਚਾਇਤ ਦੀ 417 ਏਕੜ ਜ਼ਮੀਨ ਪੰਚਾਇਤ ਨੂੰ ਸੌਂਪ ਕੇ ਲਿਆ ਇਤਿਹਾਸਕ ਫ਼ੈਸਲਾ : ਧਾਲੀਵਾਲ

image

 

ਢੁਕਵੀਂ ਪ੍ਰਕਿਰਿਆ ਤਹਿਤ ਪਹਿਲਾਂ ਕਾਸ਼ਤ ਕਰ ਰਹੇ ਲੋਕਾਂ ਨੂੰ  ਹੀ ਠੇਕੇ 'ਤੇ ਦਿਤੀ ਜਾਵੇਗੀ 417 ਏਕੜ ਜ਼ਮੀਨ

ਫ਼ਤਹਿਗੜ੍ਹ ਸਾਹਿਬ/ਸਰਹਿੰਦ, 12 ਮਈ (ਰੁਪਾਲ/ਬਖਸ਼ੀ/ਚੀਮਾ) : ਪੰਜਾਬ ਸਰਕਾਰ ਸੂਬੇ ਨੂੰ  ਆਰਥਕ ਪੱਖੋਂ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ | ਇਸੇ ਲੜੀ ਤਹਿਤ ਪਿੰਡਾਂ ਵਿਚ ਲੰਮੇਂ ਸਮੇਂ ਤੋਂ ਪੰਚਾਇਤੀ ਅਤੇ ਜੰਗਲਾਤ ਅਤੇ ਹੋਰ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੁਡਵਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਜ਼ਮੀਨਾਂ ਨੂੰ  ਢੁੱਕਵੀਂ ਪ੍ਰਕਿਰਿਆ ਤਹਿਤ ਠੇਕੇ 'ਤੇ ਦੇ ਕੇ ਸਰਕਾਰ ਦੀ ਆਮਦਨ ਵਧਾਈ ਜਾ ਸਕੇ |
ਇਹ ਗੱਲ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਛਲੇੜੀ ਕਲਾਂ ਵਿਖੇ ਪਿੰਡ ਦੇ ਲੋਕਾਂ ਵਲੋਂ 417 ਏਕੜ ਜ਼ਮੀਨ ਪੰਚਾਇਤ ਨੂੰ  ਸੌਂਪਣ ਮੌਕੇ ਨਿਜੀ ਤੌਰ 'ਤੇ ਪੁੱਜ ਕੇ ਲੋਕਾਂ ਦਾ ਧਨਵਾਦ ਕਰਨ ਉਪਰੰਤ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਹੀ | ਧਾਲੀਵਾਲ ਨੇ ਕਿਹਾ ਕਿ ਪਿੰਡ ਦੇ ਲੋਕ ਪਿਛਲੇ ਲੰਮੇਂ ਸਮੇਂ ਤੋਂ ਇਸ ਸ਼ਾਮਲਾਟ ਜ਼ਮੀਨ 'ਤੇ ਕਾਬਜ਼ ਸਨ, ਜਿਨ੍ਹਾਂ ਨੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਦੇ ਯਤਨਾ ਸਦਕਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਤੀ ਭਰੋਸਾ ਪ੍ਰਗਟਾਉਂਦਿਆਂ ਇਹ ਜ਼ਮੀਨ ਪੰਚਾਇਤ ਨੂੰ  ਸੌਂਪ ਕੇ ਇਤਿਹਾਸਕ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹਾ ਸਾਹਮਣੇ ਆਇਆ ਕਿ ਕਾਬਜ਼ਕਾਰਾਂ ਵਲੋਂ ਬਿਨ੍ਹਾਂ ਕਿਸੇ ਮੱਤਭੇਦ ਤੋਂ ਜ਼ਮੀਨ ਪੰਚਾਇਤ ਨੂੰ  ਸੌਂਪੀ ਗਈ ਹੋਵੇ |
ਪੰਚਾਇਤ ਮੰਤਰੀ ਨੇ ਭਰੋਸਾ ਦਿਤਾ ਕਿ ਇਹ ਜ਼ਮੀਨ ਉਨ੍ਹਾਂ ਕਾਸ਼ਤਕਾਰਾਂ ਨੂੰ  ਹੀ ਢੁਕਵੀਂ ਪ੍ਰਕਿਰਿਆ ਪੂਰੀ ਕਰ ਕੇ ਠੇਕੇ 'ਤੇ ਦਿਤੀ ਜਾਵੇਗੀ, ਜਿਹੜੇ ਇਸ 'ਤੇ ਪਹਿਲਾਂ ਕਾਸ਼ਤ ਕਰ ਰਹੇ ਸਨ | ਇਸ ਨਾਲ ਕਾਸ਼ਤਕਾਰਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਪੰਚਾਇਤ ਨੂੰ  ਵੱਡੇ ਪੱਧਰ 'ਤੇ ਲਾਭ ਹੋਵੇਗਾ | ਪਿੰਡ ਵਾਸੀਆਂ ਵਲੋਂ ਪਿੰਡ ਵਿਚ ਪਸ਼ੂ ਹਸਪਤਾਲ ਬਣਾਉਣ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਬਰਸਾਤੀ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ ਜਿਸ ਸਬੰਧੀ ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਪਿੰਡ ਵਿਚ ਪਸ਼ੂ ਹਸਪਤਾਲ ਬਣਾਉਣ ਲਈ ਕਾਰਵਾਈ ਆਰੰਭ ਕੀਤੀ ਜਾਵੇਗੀ ਅਤੇ ਨਾਲ ਹੀ ਬਰਸਾਤੀ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਵੀ ਹੱਲ ਕਰ ਦਿਤਾ ਜਾਵੇਗਾ |
ਇਸ ਮੌਕੇ ਪੰਚਾਇਤ ਮੰਤਰੀ ਵਲੋਂ ਪਿੰਡ ਵਾਸੀਆਂ ਦਾ ਸਨਮਾਨ ਵੀ ਕੀਤਾ ਗਿਆ | ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ 'ਤੇ ਪਿੰਡ ਵਾਸੀਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ 'ਤੇ ਭਰੋਸਾ ਕਰ ਕੇ ਇਤਿਹਾਸਕ ਫ਼ੈਸਲਾ ਲੈ ਕੇ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਐੱਸ.ਪੀ. (ਡੀ) ਰਾਜਪਾਲ ਸਿੰਘ, ਡੀ.ਡੀ.ਪੀ.ਓ. ਨਰਭਿੰਦਰ ਸਿੰਘ, ਸਰਪੰਚ ਮਨਜੀਤ ਸਿੰਘ ਆਦਿ ਹਾਜ਼ਰ ਸਨ |
ਇਹ ਕੈਪਸ਼ਨ ਫਾਇਲ 12-01 ਦੀ ਹੈ |