ਮਾਣ ਵਾਲੀ ਗੱਲ: ਪੰਜਾਬ ਦੀਆਂ ਧੀਆਂ ਨੇ ਆਸਟ੍ਰੇਲੀਆ 'ਚ ਗੱਡੇ ਝੰਡੇ, ਏਅਰਫੋਰਸ 'ਚ ਹੋਈਆਂ ਭਰਤੀ
ਮਨਜੀਤ ਕੌਰ ਨੇ 2017 ਵਿਚ ਆਸਟ੍ਰੇਲੀਅਨ ਏਅਰਫੋਰਸ ਵਿਚ ਆਪਣੀ ਜਗ੍ਹਾ ਬਣਾਈ ਸੀ
ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਜਿਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀਆਂ ਹੀ ਮਾਣਮੱਤੀਆਂ ਪ੍ਰਾਪਤੀਆਂ ਪੰਜਾਬ ਦੀਆਂ ਧੀਆਂ ਨੇ ਆਸਟ੍ਰੇਲੀਆ ਵਿਚ ਹਾਸਲ ਕੀਤੀਆਂ।
ਸ੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਨੇ 2017 ਵਿਚ ਆਸਟ੍ਰੇਲੀਅਨ ਏਅਰਫੋਰਸ ਵਿਚ ਆਪਣੀ ਜਗ੍ਹਾ ਬਣਾਈ ਸੀ ਅਤੇ ਹੁਣ ਉਨ੍ਹਾਂ ਦੀ ਧੀ ਖ਼ੁਸ਼ਰੂਪ ਨੇ ਵੀ ਆਸਟ੍ਰੇਲੀਅਨ ਏਅਰਫੋਰਸ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਮਨਜੀਤ ਕੌਰ ਦੇ ਸਹੁਰੇ ਅਤੇ ਪੇਕੇ ਪਰਿਵਾਰ ਵਿਚ ਇਸ ਸਮੇਂ ਖ਼ੁਸ਼ੀ ਦਾ ਮਾਹੌਲ ਹੈ। ਪੰਜਾਬ ਦੀਆਂ ਇਹ ਪਹਿਲੀਆਂ ਮਾਂ ਤੇ ਧੀ ਹੋਣਗੀਆਂ, ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਏਅਰ ਫੋਰਸ ਵਿਚ ਅਧਿਕਾਰੀ ਵਜੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ।
ਖ਼ੁਸ਼ਰੂਪ ਕੌਰ ਸੰਧੂ ਦੇ ਮਾਮਾ ਗੁਰਸਾਹਬ ਸਿੰਘ ਸੰਧੂ ਪੁੱਤਰ ਸਵ: ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੇਰੀ ਭੈਣ ਮਨਜੀਤ ਕੌਰ ਪਤਨੀ ਰੂਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ 2009 ਵਿਚ ਆਸਟ੍ਰੇਲੀਆ ਗਏ ਸਨ ਅਤੇ ਦਸੰਬਰ 2017 ਵਿਚ ਉਨ੍ਹਾਂ ਦੀ ਰਾਇਲ ਆਸਟ੍ਰੇਲੀਅਨ ਏਅਰ ਫੋਰਸ (ਰਾਫ਼) ਵਿਚ ਅਧਿਕਾਰੀ ਵਜੋਂ ਨਿਯੁਕਤੀ ਹੋਈ ਸੀ।