ਧਰਨੇ 'ਤੇ ਬੈਠੇ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਦੇ ਠੇਕੇਦਾਰ, ਮੰਗ ਨਾ ਮੰਨੇ ਜਾਣ ਦੀ ਸੂਰਤ 'ਚ ਦਿਤੀ ਸੰਘਰਸ਼ ਵਿੱਢਣ ਦੀ ਚਿਤਾਵਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋਈ ਤਾਂ ਕਾਰਪੋਰੇਟ ਮੈਨੇਜਮੈਂਟ ਦੀ ਹੋਵੇਗੀ ਜ਼ਿੰਮੇਵਾਰੀ 

Punjab Housing Corporation contractors and builders association

ਮੁੱਖ ਇੰਜੀਨੀਅਰ ਦੇ ਦਫ਼ਤਰ ਅੱਗੇ ਲਗਾਇਆ ਧਰਨਾ, ਰੁਕੀਆਂ ਅਦਾਇਗੀਆਂ ਤੁਰੰਤ ਬਹਾਲ ਕਰਨ ਦੀ ਕੀਤੀ ਮੰਗ
ਮੁਹਾਲੀ :
ਠੇਕੇਦਾਰ ਅਤੇ ਬਿਲਡਰਜ਼ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਮੁੱਖ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਹੈ।  ਕਾਰਪੋਰੇਸ਼ਨ ਵਲੋਂ ਐਸੋਸੀਏਸ਼ਨ ਦੀਆਂ ਰੁਕੀਆਂ ਅਦਾਇਗੀਆਂ ਬਹਾਲ ਨਾ ਕੀਤੇ ਜਾਣ ਕਾਰਨ ਇਹ ਧਰਨਾ ਲਗਾਇਆ ਗਿਆ ਹੈ।

ਇਸ ਬਾਰੇ ਉਨ੍ਹਾਂ ਨੇ ਇੱਕ ਪੱਤਰ ਵੀ ਜਾਰੀ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਵਲੋਂ ਇਸ ਵਿਸ਼ੇ ਸਬੰਧੀ 9 ਮਈ ਨੂੰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਠੇਕੇਦਾਰਾਂ ਵਲੋਂ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਵਿਚ ਦਿੱਤਾ ਜਾਣ ਵਾਲਾ ਧਰਨਾ ਅਤੇ ਮੁਜਾਹਰਾ 4 ਦਿਨਾਂ ਲਈ ਅੱਗੇ ਪਾ ਦਿੱਤਾ ਗਿਆ ਸੀ, ਪਰ ਇਸ ਸਮੇਂ ਦੌਰਾਨ ਵੀ ਕਾਰਪੋਰੇਸ਼ਨ ਸਾਡੇ ਮਸਲੇ ਦਾ ਹੱਲ ਕੱਢਣ ਵਿਚ ਨਾਕਾਮ ਰਹੀ ਹੈ।

ਪੱਤਰ ਵਿਚ ਉਨ੍ਹਾਂ ਲਿਖਿਆ ਕਿ ਇਸ ਕਾਰਨ ਹੀ ਅੱਜ ਮਿਤੀ 13-5-2022 ਨੂੰ ਸਾਡੇ ਵਲੋਂ ਲੇਬਰਾਂ ਸਮੇਤ ਆਪ ਜੀ ਦੇ ਦਫ਼ਤਰ ਵਿਚ ਪੂਰਾ ਦਿਨ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚੱਲ ਰਹੇ ਅੱਧੇ ਤੋਂ ਜ਼ਿਆਦਾ ਕੰਮ ਪਹਿਲਾਂ ਹੀ ਬੰਦ ਹੋ ਚੁੱਕੇ ਹਨ ਅਤੇ ਜਿਹੜੇ ਦੋ ਚਾਰ ਕੰਮ ਥੋੜਾ ਮੋਟਾ ਚੱਲ ਰਹੇ ਹਨ, ਉਹ ਵੀ ਅਗਲੇ ਇੱਕ ਦੋ ਦਿਨਾਂ ਤੱਕ ਪੂਰੀ ਤਰਾਂ ਬੰਦ ਹੋ ਜਾਣਗੇ। ਅਸੋਸੀਵੇਸ਼ਨ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੇ ਮਸਲੇ ਦਾ ਹੱਲ ਨਾ ਹੋਇਆ ਤਾਂ ਪੰਜਾਬ ਵਿਚ ਚੱਲ ਰਹੇ ਉਸਾਰੀ ਦੇ ਕੰਮ ਬੰਦ ਕਰਕੇ ਉਹਨਾਂ ਦੀਆਂ ਚਾਬੀਆਂ ਸਬੰਧਤ ਉਪ ਮੰਡਲ ਇੰਜੀਨੀਅਰਾਂ / ਕਾਰਜਕਾਰੀ ਇੰਜੀਨੀਅਰਾਂ ਦੇ ਹਵਾਲੇ ਕਰ ਦਿੱਤੀਆ ਜਾਣਗੀਆ।

ਠੇਕੇਦਾਰ ਅਤੇ ਬਿਲਡਰਜ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਅਜੇ ਵੀ ਕਾਰਪੋਰੇਸ਼ਨ ਵਲੋਂ ਸਾਡੀਆਂ ਰੁੱਕੀਆਂ ਅਦਾਇਗੀਆਂ ਰੀਲੀਜ਼ ਨਹੀਂ ਕੀਤੀਆਂ ਜਾਂਦੀਆਂ ਤਾਂ ਸੋਮਵਾਰ ਨੂੰ ਸਵੇਰੇ 8.30 ਵਜੇ ਸਾਡੇ ਵਲੋਂ ਪੰਜਾਬ ਪੁਲਿਸ ਹਾਉਸਿੰਗ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਨੂੰ ਜਿੰਦਰਾ ਲਗਾ ਕੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਇਹ ਧਰਨਾ ਲਗਾਤਾਰ ਉਨਾਂ ਸਮਾਂ ਚਲੇਗਾ ਜਿੰਨੀ ਦੇਰ ਸਾਡੀਆਂ ਰੁਕੀਆਂ ਅਦਾਇਗੀਆਂ ਰੀਲੀਜ਼ ਨਹੀਂ ਹੁੰਦੀਆਂ।

ਧਰਨੇ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕੋਈ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੁੰਦੀ ਹੈ ਉਸ ਦੀ ਪੂਰੀ ਜ਼ਿੰਮੇਵਾਰੀ ਕਾਰਪੋਰੇਸ਼ਨ ਕਾਰਪੋਰੇਸਨ ਮੈਨੇਜਮੈਂਟ ਦੀ ਹੋਵੇਗੀ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸਾਡੀਆਂ ਰੁਕੀਆਂ ਅਦਾਇਗੀਆਂ ਤੁਰੰਤ ਰੀਲੀਜ਼ ਕੀਤੀਆਂ ਜਾਣ ਤਾਂ ਜੋ ਅਸੀਂ ਆਪਣੀਆਂ ਲੇਬਰਾਂ ਅਤੇ ਮੈਟੀਰੀਅਲ ਸਪਲਾਈ ਕਰਨ ਵਾਲੀਆਂ ਫਰਮਾਂ ਦੀਆਂ ਅਦਾਇਗੀਆਂ ਕਰ ਸਕੀਏ ਜੀ।