'ਇਤਿਹਾਸ ਬਚਾਓ ਸਿੱਖੀ ਬਚਾਓ' ਮੋਰਚਾ 16 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਕਰੇਗਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚਾ ਨੂੰ ਅੱਜ 96ਵੇੇੇੇੇਂ ਦਿਨ ਹੋਏ ਪੂਰੇ

photo

 

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚੇ ਵੱਲੋਂ 16 ਮਈ 2022, ਸੋਮਵਾਰ ਨੂੰ ਸਵੇਰੇ 8 ਵਜੇ ਸੰਗਤਾਂ ਦੇ ਸਹਿਯੋਗ ਨਾਲ ਸਿੱਖਿਆ ਬੋਰਡ ਦੇ ਸਾਰੇ ਮੁੱਖ ਦਰਵਾਜ਼ੇ ਬੰਦ ਕਰਨ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਰਚੇ ਦੇ ਸਰਪ੍ਰਸਤ ਬਲਦੇਵ ਸਿੰਘ ਸਿਰਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀਤਾ ।

 

ਸਿਰਸਾ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਨਿੱਜੀ ਕੰਮਾਂ ਲਈ ਆਉਣ ਵਾਲੇ ਲੋਕ 16 ਮਈ 2022 ਨੂੰ ਕਿਰਪਾ ਕਰਕੇ ਨਾ ਆਉਣ ਤਾਂ ਜੋ ਦੂਰ ਦੁਰਾਡਿਓਂ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਿਰਸਾ ਨੇ ਕਿਹਾ ਕਿ 7 ਫਰਵਰੀ 2022 ਨੂੰ ਸ਼ੁਰੂ ਹੋਇਆ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚਾ ਨੂੰ ਅੱਜ 96ਵੇੇੇੇੇਂ ਦਿਨ ਹੋ ਗਏ ਹਨ।

ਜਿਸ ਦੀਆਂ ਪ੍ਰਮੁੱਖ ਮੰਗਾਂ ਇਤਰਾਜ਼ਯੋਗ ਲਿਖਤਾਂ ਵਾਲੀਆਂ ਕਿਤਾਬਾਂ 'ਤੇ ਰੋਕ ਲਾਉਣੀ ਅਤੇ ਇਸ ਸਾਜ਼ਿਸ਼  ਵਿਚ ਸ਼ਾਮਲ ਦੋਸ਼ੀਆਂ ਤੇ ਐਫਆਈਆਰ ਦਰਜ ਕਰਵਾਉਣੀ ਹੈ। ਭਾਵੇਂ ਪੰਜਾਬ ਸਰਕਾਰ ਨੇ +2 ਦੀ  ਇਤਿਹਾਸ ਦੀਆਂ ਕਿਤਾਬਾਂ ਦੀ  ਵਿਕਰੀ 'ਤੇ ਰੋਕ ਲਗਾ ਦਿੱਤੀ ਹੈ ਪਰ ਦੋਸ਼ੀਆਂ ਉੱਪਰ ਐੱਫਆਈਆਰ ਦਰਜ ਕਰਨ ਤੋਂ ਕੰਨੀ ਕਤਰਾ ਰਹੀ ਹੈ। ਜਿਸ ਦੇ ਨਤੀਜੇ ਵਜੋਂ ਮੋਰਚੇ ਦੇ ਪ੍ਰਬੰਧਕਾਂ ਨੇ ਸੰਗਤਾਂ ਦੀ ਇੱਛਾ ਮੁਤਾਬਕ 16 ਮਈ ਨੂੰ ਪੱਕੇ ਤੌਰ 'ਤੇ ਗੇਟ ਬੰਦ ਕਰਨ ਦਾ ਫ਼ੈਸਲਾ ਕੀਤਾ।

 

ਉਨ੍ਹਾਂ ਕਿਹਾ ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਬੰਦ ਕੀਤੇ ਗਏ ਸਨ। ਜਿਹੜੇ ਕਿ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖਿਲਾਫ਼ ਜਲਦੀ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਬੰਦ ਕੀਤੇ ਗੇਟ ਖੋਲ੍ਹ ਦਿੱਤੇ ਗਏ ਸਨ। ਸਿਰਸਾ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਇਹ ਮੰਨ ਲਿਆ ਹੈ ਕਿ +2 ਇਤਿਹਾਸ ਦੀਆਂ ਕਿਤਾਬਾਂ ਵਿਚ ਲਿਖਤਾਂ ਇਤਰਾਜ਼ਯੋਗ ਹਨ। ਉਹ ਵੀ ਗੁਰੂ ਸਾਹਿਬਾਨ ਪ੍ਰਤੀ ਤਾਂ ਫਿਰ ਦੋਸ਼ੀਆਂ ਖ਼ਿਲਾਫ਼  ਫੌਜਦਾਰੀ ਕੇਸ ਦਰਜ ਕਰਨ ਤੋਂ ਗੁਰੇਜ਼ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਰੋਕ ਵਾਲੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਬਦਲ ਵਜੋਂ ਵਿਦਿਆਰਥੀਆਂ ਨੂੰ ਨਵੀਆਂ ਕਿਤਾਬਾਂ ਜਲਦੀ ਦਿੱਤੀਆਂ ਜਾਣ ਤਾਂ ਜੋ ਅਗਲੀਆਂ ਜਮਾਤਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ ।