ਅੰਬਾਲਾ : ਮੰਦਰ ਦੀ ਬਾਲਕਨੀ ਦਾ ਹਿੱਸਾ ਡਿੱਗਣ ਨਾਲ ਪੰਜਾਬ ਵਾਸੀ 2 ਕੁੜੀਆਂ ਦੀ ਮੌਤ, ਇਕ ਹੋਰ ਜ਼ਖਮੀ
ਮੰਦਰ ਨੇੜੇ ਇੰਸਟੀਚਿਊਟ ’ਚ ਪੜ੍ਹਾਈ ਕਰਦੀਆਂ ਸਨ ਕੁੜੀਆਂ, ਬੱਸ ਦੀ ਉਡੀਕ ’ਚ ਖੜੀਆਂ ਸਨ ਬਾਲਕਨੀ ਦੀ ਛਾਂ ਹੇਠ
ਅੰਬਾਲਾ: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਯੋਲਾ ਪਿੰਡ ’ਚ ਸੋਮਵਾਰ ਨੂੰ ਮੰਦਰ ਦੀ ਬਾਲਕਨੀ ਦਾ ਇਕ ਹਿੱਸਾ ਡਿੱਗਣ ਨਾਲ ਦੋ ਕੁੜੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਮ੍ਰਿਤਕਾਂ ਦੀ ਪਛਾਣ ਮਨੀਸ਼ਾ ਦੇਵੀ (19) ਅਤੇ ਪਰਮਿੰਦਰ ਕੌਰ (18) ਵਜੋਂ ਹੋਈ ਹੈ। ਉਹ ਪੰਜਾਬ ਦੇ ਤਸਲਪੁਰ ਪਿੰਡ ਦੀਆਂ ਵਸਨੀਕ ਸਨ। ਪੁਲਿਸ ਅਨੁਸਾਰ ਮੰਦਰ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਬਾਲਕਨੀ ਲਗਭਗ ਦੋ ਮਹੀਨੇ ਪਹਿਲਾਂ ਬਣਾਈ ਗਈ ਸੀ ਅਤੇ ਮੰਦਰ ਦੇ ਨੇੜੇ ਇਕ ਸੰਸਥਾ ਹੈ ਜਿੱਥੇ ਬਹੁਤ ਸਾਰੀਆਂ ਕੁੜੀਆਂ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰਦੀਆਂ ਹਨ।
ਉਨ੍ਹਾਂ ਦਸਿਆ ਕਿ ਸੋਮਵਾਰ ਨੂੰ ਇੰਸਟੀਚਿਊਟ ’ਚ ਪੜ੍ਹਨ ਆਈਆਂ ਤਿੰਨ ਕੁੜੀਆਂ ਗਰਮੀ ਤੋਂ ਬਚਣ ਲਈ ਬਾਲਕਨੀ ਦੇ ਹੇਠਾਂ ਛਾਂ ’ਚ ਖੜੀਆਂ ਸਨ। ਇਸ ਦੌਰਾਨ ਅਚਾਨਕ ਬਾਲਕਨੀ ਦਾ ਇਕ ਹਿੱਸਾ ਡਿੱਗ ਗਿਆ ਅਤੇ ਤਿੰਨ ਕੁੜੀਆਂ ਇਸ ਹੇਠਾਂ ਦੱਬ ਗਈਆਂ। ਉਨ੍ਹਾਂ ਨੂੰ ਤੁਰਤ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋ ਕੁੜੀਆਂ ਨੂੰ ਮ੍ਰਿਤਕ ਐਲਾਨ ਦਿਤਾ।
ਪੁਲਿਸ ਨੇ ਦਸਿਆ ਕਿ ਡਾਕਟਰਾਂ ਨੂੰ ਸ਼ੱਕ ਹੈ ਕਿ ਲੜਕੀਆਂ ਦੀ ਮੌਤ ਸਿਰ ’ਤੇ ਸੱਟ ਲੱਗਣ ਕਾਰਨ ਹੋਈ ਹੈ ਪਰ ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਰੀਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
ਪੁਲਿਸ ਨੇ ਦਸਿਆ ਕਿ ਜ਼ਖਮੀ ਕੁੜੀ ਸਿਮਰਨ ਨੂੰ ਅੰਬਾਲਾ ਸਿਟੀ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਵਾਰਕ ਮੈਂਬਰ ਹਸਪਤਾਲ ਪਹੁੰਚੇ। ਪੁਲਿਸ ਨੇ ਦਸਿਆ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।