Punjab News: ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਦੀ ਵੀਡੀਓ ਦਾ ਲਿਆ ਨੋਟਿਸ, ਡੀਜੀਪੀ ਤੋਂ ਰਿਪੋਰਟ ਤਲਬ
ਬੀਬੀ ਜਗੀਰ ਕੌਰ ਦੀ ਠੋਡੀ ਨੂੰ ਛੂਹਣ ਦੇ ਮਾਮਲੇ ਨੇ ਫੜੀ ਤੂਲ
Punjab News: ਚੰਡੀਗੜ : ਸਾਬਕਾ ਸੀ.ਐਮ ਅਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਚਰਨਜੀਤ ਸਿੰਘ ਚੰਨੀ ਵੱਲੋਂ ਬੀਬੀ ਜਗੀਰ ਕੌਰ ਦੀ ਠੋਢੀ 'ਤੇ ਹੱਥ ਲਗਾਉਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਹਿਲਾ ਕਮਿਸ਼ਨ ਨੇ ਇਸ ਘਿਨਾਉਣੀ ਹਰਕਤ ਦਾ ਸਖ਼ਤ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਰਾਜ ਕੌਰ ਲਾਲੀ ਗਿੱਲ ਨੇ ਵਾਇਰਲ ਵੀਡੀਓ ਨੂੰ ਲੈ ਕੇ ਡੀਜੀਪੀ ਤੱਕ ਪਹੁੰਚ ਕੀਤੀ। ਜਿਸ ਵਿਚ ਉਨ੍ਹਾਂ ਨੇ ਮਾਮਲੇ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਟੇਟਸ ਰਿਪੋਰਟ ਉਨ੍ਹਾਂ ਨੂੰ ਭਲਕੇ 2 ਵਜੇ ਤੱਕ ਯਾਨੀ 14 ਤਰੀਕ ਨੂੰ ਸੌਂਪੀ ਜਾਵੇ।
ਦਰਅਸਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬੀਬੀ ਜਗੀਰ ਕੌਰ ਅਤੇ ਚੰਨੀ ਅਚਾਨਕ ਇੱਕ ਥਾਂ ਆਹਮੋ-ਸਾਹਮਣੇ ਆ ਗਏ ਸਨ। ਜਿੱਥੇ ਚਰਨਜੀਤ ਸਿੰਘ ਚੰਨੀ ਨੇ ਜਾਂਦੇ ਸਮੇਂ ਅਚਾਨਕ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਛੂਹਿਆ। ਹੱਥਾਂ ਨਾਲ ਠੋਡੀ ਨੂੰ ਛੂਹਣ ਦਾ ਇਹਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮਹਿਲਾ ਕਮਿਸ਼ਨ ਨੇ ਇਸ ਵੀਡੀਓ ਦਾ ਸਖ਼ਤ ਨੋਟਿਸ ਲਿਆ ਹੈ। ਸ਼ਨੀਵਾਰ ਨੂੰ ਇਸ ਵੀਡੀਓ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਚੰਨੀ ਨੇ ਕਿਹਾ ਸੀ ਕਿ ਉਹ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਨੇ ਇਹ ਪਿਆਰ ਅਤੇ ਸਤਿਕਾਰ ਦੀ ਭਾਵਨਾ ਕਰ ਕੇ ਕੀਤਾ ਸੀ। ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਮੈਂ ਉਹਨਾਂ ਨੂੰ ਆਪਣੀ ਵੱਡੀ ਭੈਣ ਵਾਂਗ ਮੱਥਾ ਟੇਕਿਆ ਅਤੇ ਫਿਰ ਉਹਨਾਂ ਨਾਲ ਮਜ਼ਾਕ ਕੀਤਾ।