Amritsar News: ਅੰਮ੍ਰਿਤਸਰ ਵਿਚ SGPC ਮੁਲਾਜ਼ਮ ਵਲੋਂ ਖ਼ੁਦਕੁਸ਼ੀ, ਬੀਤੇ ਦਿਨੀਂ ਉੱਚ ਅਧਿਕਾਰੀਆਂ ਤੋਂ ਤੰਗ ਆ ਕੇ ਪੀਤਾ ਸੀ ਤੇਜ਼ਾਬ
Amritsar News: ਸ੍ਰੀ ਦਰਬਾਰ ਸਾਹਿਬ ਦੇ ਰਿਕਾਰਡ ਕੀਪਰ ਵਿਚ ਕਰਦਾ ਸੀ ਕੰਮ
SGPC member Charanjit Singh commit Suicide Amritsar News: ਅੰਮ੍ਰਿਤਸਰ ਵਿਚ ਐਸਜੀਪੀਸੀ ਮੁਲਾਜ਼ਮ ਵਲੋਂ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸ੍ਰੀ ਦਰਬਾਰ ਸਾਹਿਬ ਦੇ ਰਿਕਾਰਡ ਕੀਪਰ ਵਿਚ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਉੱਚ ਅਧਿਕਾਰੀਆਂ ਤੋਂ ਤੰਗ ਆ ਕੇ ਮ੍ਰਿਤਕ ਨੇ ਤੇਜ਼ਾਬ ਪੀ ਲਿਆ ਸੀ, ਜਿਸ ਤੋਂ ਬਾਅਦ ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਮੌਕੇ ਐੱਸਐੱਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਦੀ ਪਤਨੀ ਸਿਮਰਜੀਤ ਕੌਰ ਦੇ ਕਹਿਣ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿਮਰਜੀਤ ਕੌਰ ਨੇ ਚਰਨਜੀਤ ਸਿੰਘ ਨੂੰ ਤੰਗ-ਪਰੇਸ਼ਾਨ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਘੇੜਾ, ਸੁਪਰਵਾਈਜ਼ਰ ਸੁਖਵੰਤ ਸਿੰਘ ਪਰਵਾਨਾ ਤੇ ਸਹਾਇਕ ਅਕਾਊਂਟੈਂਟ ਹਰਪਾਲ ਸਿੰਘ ਦਾ ਨਾਂ ਲਿਆ ਹੈ। ਐੱਸਐੱਚਓ ਸਰਬਜੀਤ ਸਿੰਘ ਨੇ ਕਿਹਾ ਕਿ ਉਪਰੋਕਤ ਤਿੰਨਾਂ ਨੂੰ ਥਾਣੇ ’ਚ ਪੁੱਛ-ਪੜਤਾਲ ਲਈ ਬੁਲਾਇਆ ਗਿਆ ਹੈ। ਪੁੱਛ ਪੜਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਿਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਮੈਨੇਜਰ ਭਗਵੰਤ ਸਿੰਘ ਧੰਘੇੜਾ, ਸੁਖਵੰਤ ਸਿੰਘ ਪਰਵਾਨਾ ਤੇ ਹਰਪਾਲ ਸਿੰਘ ਪਰੇਸ਼ਾਨ ਕਰ ਰਹੇ ਸਨ। ਇਸੇ ਪਰੇਸ਼ਾਨੀ ਕਾਰਨ ਪਹਿਲਾਂ ਚਰਨਜੀਤ ਸਿੰਘ ਸ਼ੁੱਕਰਵਾਰ 3 ਮਈ ਨੂੰ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਪੰਜ ਦਿਨ ਦੀ ਦਫਤਰ ਛੁੱਟੀ ਭੇਜੀ ਸੀ ਪਰ ਫਿਰ ਵੀ ਮੈਨੇਜਰ ਦੇ ਕਹਿਣ ’ਤੇ ਉਪਰੋਕਤ ਮੁਲਾਜ਼ਮ ਉਨ੍ਹਾਂ ਨੂੰ ਫੋਨ ਕਰ ਕੇ ਪਰੇਸ਼ਾਨ ਕਰ ਰਹੇ ਸਨ। ਅਖੀਰ 4 ਮਈ ਨੂੰ ਸੁਖਵੰਤ ਸਿੰਘ ਪਰਵਾਨਾ ਤੇ ਹਰਪਾਲ ਸਿੰਘ ਉਨ੍ਹਾਂ ਦੇ ਘਰ ਆਏ ਅਤੇ ਚਰਨਜੀਤ ਸਿੰਘ ਨਾਲ ਕਿਸੇ ਜਾਂਚ ਪੜਤਾਲ ਸਬੰਧੀ ਗੱਲਬਾਤ ਕਰਨ ਲੱਗੇ। ਦੋਵਾਂ ਨੇ ਚਰਨਜੀਤ ਸਿੰਘ ਨਾਲ ਵਾਧੂ-ਘਾਟੂ ਸ਼ਬਦ ਵੀ ਬੋਲੇ, ਇਹ ਸਾਰੀ ਘਟਨਾ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ਵਿਚ ਵੀਡੀਓ ਤੇ ਆਡੀਓ ਸਮੇਤ ਰਿਕਾਰਡ ਹੋਈ ਹੈ।