Barnala Encounter News: ਨਾਕਾਬੰਦੀ ਦੌਰਾਨ ਗੈਂਗਸਟਰ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ ’ਚ ਜ਼ਖ਼ਮੀ
ਲਵਪ੍ਰੀਤ ਸਿੰਘ ਵਾਸੀ ਮਹਿਲ ਖੁਰਦ ਵਜੋਂ ਹੋਈ ਗੈਂਗਸਟਰ ਦੀ ਪਛਾਣ
Barnala Encounter News: ਬਰਨਾਲਾ ਦੇ ਪੁਲਿਸ ਸਟੇਸ਼ਨ ਟੱਲੇਵਾਲ ਦੇ ਅਧੀਨ ਪੈਂਦੇ ਖੇਤਰ ਵਿੱਚ ਪੁਲਿਸ ਅਤੇ ਇੱਕ ਮੋਟਰਸਾਈਕਲ ਸਵਾਰ ਗੈਂਗਸਟਰ ਦੇ ਵਿਚਾਲੇ ਮੁਕਾਬਲਾ ਹੋਇਆ।
ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਅੱਜ ਸਵੇਰ ਮੌਕੇ ਬਰਨਾਲਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।
ਥਾਣਾ ਟੱਲੇਵਾਲ ਦੇ ਐਸਐਚਓ ਜਗਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਬਰਨਾਲਾ ਮੋਗਾ ਹਾਈਵੇ ਤੋਂ ਪਿੰਡ ਵਿਧਾਤਾ ਲਿੰਕ ਸੜਕ ਉੱਪਰ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਇੱਕ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ 'ਤੇ ਸਵਾਰ ਇੱਕ ਵਿਅਕਤੀ ਆ ਰਿਹਾ ਸੀ। ਜਿਸ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੋਟਰਸਾਈਕਲ ਸਵਾਰ ਨੇ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ। ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਐਸਐਸਪੀ ਬਰਨਾਲਾ ਨੇ ਦੱਸਿਆ ਕਿ ਪਕੜੇ ਗਏ ਵਿਅਕਤੀ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਜੈੱਡੋ ਵਾਸੀ ਮਹਿਲ ਖੁਰਦ ਵਜੋਂ ਹੋਈ ਹੈ।
ਉਹਨਾਂ ਕਿਹਾ ਕਿ ਇਸ ਵਿਅਕਤੀ ਉਪਰ ਕਈ ਮਾਮਲੇ ਦਰਜ ਹਨ। ਮੋਗਾ ਵਿਖੇ ਇੱਕ ਮਾਮਲੇ ਵਿੱਚ ਇਹ ਵਿਅਕਤੀ ਭਗੌੜਾ ਵੀ ਸੀ। ਅੱਜ ਪੁਲਿਸ ਨੂੰ ਕੁਝ ਇਨਪੁੱਟ ਮਿਲੇ ਹੋਏ ਸਨ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਨਾਕਾਬੰਦੀ ਕਰ ਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਪੁਲਿਸ ਉੱਪਰ ਦੋ ਫਾਇਰ ਕੀਤੇ ਗਏ ਹਨ ਜਿਸ ਵਿੱਚ ਪੁਲਿਸ ਦਾ ਬਚਾਅ ਰਿਹਾ ਹੈ ਜਦਕਿ ਇਕ ਫਾਇਰ ਪੁਲਿਸ ਦੀ ਸਰਕਾਰੀ ਗੱਡੀ ਉੱਪਰ ਲੱਗਿਆ ਹੈ ਜਦਕਿ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਮੁਲਜਮ ਦੀ ਲੱਤ ਵਿੱਚ ਫਾਇਰ ਲੱਗਿਆ ਹੈ ਜਿਸ ਤੋਂ ਬਾਅਦ ਇਸ ਨੂੰ ਗ੍ਰਿਫ਼ਤਾਰ ਕਰ ਕੇ ਬਰਨਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।