Amritsar Hooch tragedy: ਮਜੀਠਾ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ, ਪੁਲਿਸ ਨੇ ਮਾਸਟਰਮਾਈਂਡ ਨੂੰ ਕੀਤਾ ਕਾਬੂ
ਐਫਆਈਆਰ ਨੰਬਰ 42 ਮਿਤੀ 13/5/25, ਧਾਰਾ 105 ਬੀਐਨਐਸ ਅਤੇ 61ਏ ਆਬਕਾਰੀ ਐਕਟ ਅਧੀਨ ਕੇਸ ਦਰਜ
Amritsar Hooch tragedy: ਮਜੀਠਾ ਵਿਧਾਨ ਸਭਾ ਹਲਕੇ ਦੇ ਭੰਗਾਲੀ, ਥਰੀਏਵਾਲ ਅਤੇ ਮਰਾੜੀ ਕਲਾਂ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਮੌਤ ਹੋ ਗਈ ਜਦ ਕਿ 6 ਹਸਪਤਾਲ ਵਿਚ ਦਾਖਲ ਹਨ।
ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਮੁੱਖ ਸਪਲਾਇਰ ਪ੍ਰਭਜੀਤ ਸਿੰਘ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਦਿਹਾਤੀ ਖੇਤਰ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਆਬਕਾਰੀ ਐਕਟ ਦੀ ਧਾਰਾ 105 ਬੀਐਨਐਸ ਅਤੇ 61ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਪ੍ਰਭਜੀਤ ਦਾ ਭਰਾ ਕੁਲਬੀਰ ਸਿੰਘ ਉਰਫ ਜੱਗੂ, ਸਾਹਿਬ ਸਿੰਘ ਉਰਫ ਸਰਾਏ, ਗੁਰਜੰਟ ਸਿੰਘ ਅਤੇ ਨਿੰਦਰ ਕੌਰ ਸ਼ਾਮਲ ਹਨ। ਪੂਰੇ ਨੈੱਟਵਰਕ ਦੀ ਜਾਂਚ ਜਾਰੀ ਹੈ।
ਦੱਸ ਦਈਏ ਕਿ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ, ਡੀਸੀ ਸਾਕਸ਼ੀ ਸਾਹਨੀ ਵੀ ਸਵੇਰੇ ਪੀੜਿਤ ਪਰਿਵਾਰਾਂ ਕੋਲ ਪਹੁੰਚੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
ਮੁਢਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਅਤੇ ਗੰਭੀਰ ਰੂਪ ਵਿੱਚ ਬਿਮਾਰ ਸਾਰੇ ਲੋਕ ਦਿਹਾੜੀਦਾਰ ਮਜ਼ਦੂਰ ਹਨ। ਪੁਲਿਸ ਅਨੁਸਾਰ 4 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਹੈ। ਜਾਂਚ ਤੋਂ ਬਾਅਦ, ਡਾਕਟਰਾਂ ਨੇ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾ ਦਿੱਤਾ ਹੈ।
- ਗ੍ਰਿਫ਼ਤਾਰ ਮੁਲਜ਼ਮ:
• ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਦੋਸ਼ੀ ਪ੍ਰਭਜੀਤ ਦਾ ਭਰਾ)।
• ਸਾਹਿਬ ਸਿੰਘ ਉਰਫ ਸਰਾਏ, ਵਾਸੀ ਮੜੀ ਕਲਾਂ
• ਗੁਰਜੰਟ ਸਿੰਘ, ਨਿਵਾਸੀ
• ਨਿੰਦਰ ਕੌਰ ਪਤਨੀ ਜੀਤਾ, ਵਾਸੀ ਥਰੇਨਵਾਲ।