ਪੰਜਾਬ ਸਰਕਾਰ ਨੇ ਕਦਮ ਚੁੱਕਿਆ: ਘਰ-ਘਰ ਜਾ ਕੇ ਕੂੜਾ ਇਕੱਠਾ ਕਰਨਾ, ਫਗਵਾੜਾ ਲਈ 4000 ਐਲ.ਈ.ਡੀ ਲਾਈਟਾਂ: ਡਾ. ਰਵਜੋਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਣਗਹਿਲੀ ਲਈ ਜ਼ੀਰੋ ਟਾਲਰੈਂਸ: ਫਗਵਾੜਾ ਵਿੱਚ ਸੀਵਰੇਜ, ਸੈਨੀਟੇਸ਼ਨ ਅਤੇ ਸਟਰੀਟ ਲਾਈਟਾਂ ਦਾ ਨਵੀਨੀਕਰਨ ਛੇਤੀ ਹੋਵੇਗਾ

Punjab Government takes steps: Door-to-door garbage collection, 4000 LED lights for Phagwara: Dr. Ravjot Singh

ਚੰਡੀਗੜ੍ਹ / ਫਗਵਾੜਾ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ ਫਗਵਾੜਾ ਸ਼ਹਿਰ ਦੀ ਨੁਹਾਰ ਬਦਲਣ ਲਈ ਪਹਿਲ ਦੇ ਆਧਾਰ ’ਤੇ ਸਾਫ ਸਫਾਈ, ਕੂੜੇ ਦੇ ਯੋਗ ਨਿਪਟਾਰੇ ਤੇ ਰਹਿੰਦੇ ਇਲਾਕਿਆਂ ਵਿਚ ਸੀਵਰੇਜ਼ ਪਾਉਣ ਦਾ ਕੰਮ ਜਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਗਵਾੜਾ ਵਿਖੇ ਕੂੜੇ ਦੀ ਲਿਫਟਿੰਗ ਦਾ ਪੱਕਾ ਹੱਲ ਜਲਦੀ ਹੋਵੇਗਾ।

ਫਗਵਾੜਾ ਸ਼ਹਿਰ ਵਿਖੇ ਜ਼ਮੀਨ ਉੱਪਰ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਪੁੱਜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ‘ਉਨ੍ਹਾਂ ਦੇ ਦੌਰੇ ਦਾ ਮੁੱਖ ਮਕਸਦ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਜਾਣਕੇ ਉਸਦੇ ਢੁਕਵੇਂ ਹੱਲ ਲਈ ਵਿਆਪਕ ਵਿਉਂਤਬੰਦੀ ਹੈ, ਜਿਸ ਲਈ ਨਗਰ ਨਿਗਮ, ਸੀਵਰੇਜ਼ ਬੋਰਡ, ਜਲ ਸਪਲਾਈ ਦੇ ਅਧਿਕਾਰੀਆਂ ਨੂੰ ਜੰਗੀ ਪੱਧਰ ’ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਵਲੋਂ ਬੱਸ ਸਟੈਂਡ, ਜੇ.ਜੇ. ਸਕੂਲ, ਗੁਰੂ ਨਾਨਕ ਨਗਰ, ਅਰਬਨ ਅਸਟੇਟ , ਬਸੰਤ ਨਗਰ ਦੇ ਖੇਤਰਾਂ ਦਾ ਦੌਰਾ ਕਰਕੇ ਸਾਫ ਸਫਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਘਰ-ਘਰ ਤੋਂ ਕੂੜਾ ਇਕੱਤਰ ਕਰਨ ਦੀ ਸ਼ੁਰੂਆਤ ਕਰਨ ਤਾਂ ਜੋ ਕੇਵਲ ਨਿਰਧਾਰਿਤ ਡੰਪਾਂ ਉੱਪਰ ਹੀ ਕੂੜੇ ਦਾ ਯੋਗ ਨਿਪਟਾਰਾ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।

ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ‘ਇਸ ਸਬੰਧੀ ਨਿਗਮ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ’।

ਉਨ੍ਹਾਂ ਸ਼ਹਿਰ ਵਿਚ ਬੰਦ ਪਈਆਂ ਸਟਰੀਟ ਲਾਇਟਾਂ ਬਾਰੇ ਦੱਸਿਆ ਕਿ 4000 ਨਵੀਆਂ ਐਲ.ਈ.ਡੀ. ਲਾਇਟਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਸ਼ਹਿਰ ਵਿਚ ਰਾਤ ਵੇਲੇ ਰੌਸ਼ਨੀ ਸਬੰਧੀ ਸਮੱਸਿਆਵਾਂ ਦੂਰ ਹੋ ਜਾਣਗੀਆਂ।  ਇਸ ਸਬੰਧੀ ਨਿਗਮ ਅਧਿਕਾਰੀਆਂ ਦੱਸਿਆ ਕਿ ਟੈਂਡਰ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ।  

ਸ਼ਹਿਰ ਵਿਚ ਜੇ.ਜੇ. ਸਕੂਲ ਨੇੜਲੇ ਡੰਪ ਦਾ ਦੌਰਾ ਕਰਨ ਮੌਕੇ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਡੰਪ ਨੂੰ ਹੋਰ ਥਾਂ ਤਬਦੀਲ ਕਰਨ ਲਈ ਢੁਕਵੀਂ ਥਾਂ ਦੀ ਤਲਾਸ਼ ਕਰਨ ਤਾਂ ਜੋ ਸਕੂਲ ਦੇ ਨੇੜਿਓ  ਡੰਪ ਨੂੰ ਬਦਲਿਆ ਜਾ ਸਕੇ।

ਗੁਰੂ ਨਾਨਕ ਨਗਰ ਵਿਖੇ ਸੀਵਰੇਜ਼ ਨਾ ਹੋਣ ਕਰਕੇ ਪਾਣੀ ਖੜ੍ਹਨ ਦੀ ਸਮੱਸਿਆ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਜੈਨ ਨੂੰ ਕਿਹਾ ਕਿ ਉਹ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨਾਲ ਮਿਲਕੇ ਇਸ ਸਮੱਸਿਆ ਦੇ ਹੱਲ ਲਈ ਇਕ ਹਫਤੇ ਦੇ ਅੰਦਰ-ਅੰਦਰ ਵਿਆਪਕ ਯੋਜਨਾਬੰਦੀ ਕਰਕੇ ਪ੍ਰਸਤਾਵ ਪੇਸ਼ ਕਰਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ , ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਲਲਿਤ ਸਕਲਾਨੀ, ਮੇਅਰ ਰਾਮਪਾਲ ਉੱਪਲ, ਆਮ ਆਦਮੀ ਪਾਰਟੀ ਦੇ ਬੁਲਾਰੇ ਹਰਨੂਰ ਸਿੰਘ ਹਰਜੀ ਮਾਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ, ਐਸ.ਡੀ.ਐਮ. ਜਸ਼ਨਜੀਤ ਸਿੰਘ ਤੇ ਹੋਰ ਹਾਜ਼ਰ ਸਨ।