ਗਡਕਰੀ ਵਲੋਂ ਫ਼ਸਲਾਂ ਦੇ ਸਮਰਥਨ ਮੁੱਲ ਬਾਰੇ ਵਿਚਾਰ ਵਿਰੁਧ ਪੰਜਾਬ ਵਿਚ ਸਿਆਸੀ ਮੈਦਾਨ ਭਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਤੇ 'ਆਪ' ਨੇ ਬਾਦਲ ਦਲ ਨੂੰ ਲਿਆ ਨਿਸ਼ਾਨੇ 'ਤੇ

Nitin Gadkari

ਹੁਣ ਕੇਂਦਰ 'ਚ ਕੁਰਸੀ ਦਾ ਮੋਹ ਤਿਆਗੇ ਅਕਾਲੀ ਦਲ : ਸੁਨੀਲ ਜਾਖੜ
ਹਰਸਿਮਰਤ, ਸੁਖਬੀਰ ਤੇ ਮਜੀਠੀਆ ਹੁਣ ਤਾਂ ਅੱਖਾਂ ਖੋਲ੍ਹਣ : ਤ੍ਰਿਪਤ ਬਾਜਵਾ
ਅਕਾਲੀ ਦਲ ਲਈ ਹੁਣ ਪਰਖ ਦੀ ਘੜੀ : ਅਮਨ ਅਰੋੜਾ
ਇਹ ਗਡਕਰੀ ਦੇ ਨਿਜੀ ਵਿਚਾਰ : ਡਾ. ਦਲਜੀਤ ਸਿੰਘ ਚੀਮਾ
ਕਿਸਾਨ ਯੂਨੀਅਨਾਂ ਨੇ ਵੀ ਮੋਰਚਾ ਖੋਲ੍ਹਣ ਦੇ ਕੀਤੇ ਐਲਾਨ

ਚੰਡੀਗੜ੍ਹ, 12 ਜੂਨ (ਗੁਰਉਪਦੇਸ਼ ਭੁੱਲਰ) : ਕੇਂਦਰੀ ਮੰਤਰੀ ਨਿਤੀਨ ਗਡਕਰੀ ਵਲੋਂ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਸਰਕਾਰ ਲਈ ਘਾਟੇ ਦਾ ਕੰਮ ਦਸੇ ਜਾਣ ਸਬੰਧੀ ਦਿਤੇ ਬਿਆਨ ਵਿਚ ਪੇਸ਼ ਕੀਤੇ ਵਿਚਾਰਾਂ ਵਿਰੁਧ ਪੰਜਾਬ ਵਿਚ ਚਹੁੰ ਪਾਸਿਉਂ ਤਿੱਖਾ ਪ੍ਰਤੀਕਰਮ ਹੋਇਆ ਹੈ। ਇਸ ਸਬੰਧ ਵਿਚ ਜਿਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲਿਆ ਹੈ, ਉਥੇ ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਵੀ ਗਡਕਰੀ ਦੇ ਬਿਆਨ ਵਿਰੁਧ ਸਖ਼ਤ ਰੋਸ ਪ੍ਰਗਟਾਉਂਦਿਆਂ ਅੰਦੋਲਨ ਦੀ ਗੱਲ ਆਖੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਾਂ ਕੇਂਦਰ ਦੇ ਖੇਤੀ ਸਬੰਧੀ ਆਰਡੀਨੈਂਸਾਂ ਵਿਰੁਧ ਜਾਰੀ ਅੰਦੋਲਨ ਦੇ ਅੱਜ ਤੀਜੇ ਦਿਨ ਕੇਂਦਰੀ ਮੰਤਰੀ ਗਡਕਰੀ ਦੇ ਵੀ ਪੁਤਲੇ ਫੂਕੇ। ਇਸ ਬਿਆਨ ਤੋਂ ਬਾਅਦ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਵੀ ਕਸੂਤੀ ਸਥਿਤੀ ਬਣ ਗਈ ਹੈ ਤੇ ਉਸ ਕੋਲ ਕੋਈ ਠੋਸ ਜਵਾਬ ਨਹੀਂ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਕਿਸਾਨ ਯੂਨੀਅਨਾਂ ਮੋਦੀ ਮੰਤਰੀ ਮੰਡਲ ਵਲੋਂ ਖੇਤੀ ਮੰਡੀ ਸਬੰਧੀ ਜਾਰੀ ਆਰਡੀਨੈਂਸਾਂ ਵਿਰੁਧ ਪਹਿਲਾਂ ਹੀ ਸਖ਼ਤ ਰੋਸ ਪ੍ਰਗਟ ਕਰ ਚੁਕੀਆਂ ਹਨ ਅਤੇ ਉਸ ਸਮੇਂ ਹੀ ਸਮਰਥਨ ਮੁੱਲ ਖ਼ਤਮ ਕਰਨ ਦੇ ਖਦਸ਼ੇ ਪ੍ਰਗਟਾਏ ਗਏ ਸਨ ਜਿਨ੍ਹਾਂ ਨੂੰ ਗਡਕਰੀ ਦੇ ਬਿਆਨ ਬਾਅਦ ਬਲ ਮਿਲਿਆ ਹੈ ਤੇ ਪੰਜਾਬ ਵਿਚ ਇਸ ਵਿਰੁਧ ਤਿੱਖੇ ਮੋਰਚੇ ਦਾ ਮੈਦਾਨ ਤਿਆਰ ਹੋਣਾ ਸ਼ੁਰੂ ਹੋ ਗਿਆ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਦੇ ਬਿਆਨ ਨੇ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ਤੇ ਨੀਤੀ ਸਪਸ਼ਟ ਕਰ ਦਿਤੀ ਹੈ। ਕਾਂਗਰਸ ਪਹਿਲਾਂ ਹੀ ਇਹ ਵਿਚਾਰ ਰੱਖਦੀ ਸੀ ਜੋ ਸਹੀ ਨਿਕਲੇ ਹਨ। ਉਨ੍ਹਾਂ ਕੇਂਦਰ ਵਿਚ ਭਾਜਪਾ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਕਿ ਹੁਣ ਕੁਰਸੀ ਦਾ ਮੋਹ ਤਿਆਗ ਕੇ ਪੰਜਾਬ ਦੇ ਕਿਸਾਨਾਂ ਨਾਲ ਖੜਨ।

ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਮੋਦੀ ਸਰਕਾਰ ਦੇ ਇਹ ਕਿਸਾਨ ਵਿਰੋਧੀ ਮਨਸੂਬੇ ਸਫ਼ਲ ਨਹੀਂ ਹੋਣ ਦੇਵੇਗੀ। ਪੰਜਾਬ ਦੇ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤੀਨ ਗਡਕਰੀ ਦੇ ਬਿਆਨ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਰਗਿਆਂ ਦੀਆਂ ਅੱਖਾਂ ਖੁਲ੍ਹ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਫ਼ਸਲਾਂ ਦਾ ਸਮਰਥਨ ਮੁੱਲ ਹੀ ਤਾਂ ਕਿਸਾਨਾਂ ਦਾ ਇਕ ਸਹਾਰਾ ਹੈ ਅਤੇ ਇਹ ਵੀ ਬੰਦ ਹੋ ਗਿਆ ਤਾਂ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ।

ਪੰਜਾਬ ਦੇ ਮੰਡੀ ਬੋਰਡ ਨੂੰ 4500 ਕਰੋੜ ਦੀ ਆਮਦਨ ਬੰਦ ਹੋਣ ਨਾਲ ਕਿਸਾਨ ਹੀ ਨਹੀਂ ਮਜ਼ਦੂਰ ਤੇ ਹਜ਼ਾਰਾਂ ਆੜ੍ਹਤੀਏ ਵੀ ਬਰਬਾਦੀ ਦੇ ਰਾਹ 'ਤੇ ਆ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਹ ਨਿਤੀਨ ਗਡਕਰੀ ਦੇ ਨਿਜੀ ਵਿਚਾਰ ਹਨ ਅਤੇ ਕੇਂਦਰੀ ਖੇਤੀ ਮੰਤਰੀ ਉਨ੍ਹਾਂ ਨੂੰ ਸਮਰਥਨ ਮੁੱਲ ਬੰਦ ਨਾ ਕਰਨ ਦਾ ਭਰੋਸਾ ਦੇ ਚੁਕੇ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਗਡਕਰੀ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਟੈਂਡ ਸਪਸ਼ਟ ਹੈ ਅਤੇ ਸਮਰਥਨ ਮੁੱਲ ਨੂੰ ਖ਼ਤਮ ਕਰਨ ਦੀ ਕਦੇ ਆਗਿਆ ਨਹੀਂ ਦੇਵੇਗੀ

ਕਿਉਂਕਿ ਇਹ ਕਿਸਾਨਾਂ ਦੀ ਇਸ ਸਮੇਂ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਮੁੜ ਅਪਣੇ ਵਿਚਾਰ ਇਸ ਬਾਰੇ ਕੇਂਦਰ ਨੂੰ ਵੀ ਦੱਸੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਕਿਹਾ ਕਿ ਨਿਤੀਨ ਗਡਕਰੀ ਨੇ ਮੋਦੀ ਸਰਕਾਰ ਦੇ ਕਿਸਾਨਾਂ ਪ੍ਰਤੀ ਇਰਾਦੇ ਸਪਸ਼ਟ ਕਰ ਦਿਤੇ ਹਨ। ਇਹ ਖਦਸ਼ਾ ਪਹਿਲਾਂ ਹੀ ਪ੍ਰਗਟਾਇਆ ਜਾ ਰਿਹਾ ਸੀ ਜਦੋਂ ਖੇਤੀ ਬਾਰੇ ਆਰਡੀਨੈਂਸ ਜਾਰੀ ਹੋਏ ਸਨ। ਉਨ੍ਹਾਂ ਕਿਹਾ ਕਿ ਹੁਣ ਅਸਲ ਨੂੰ ਅਕਾਲੀ ਦਲ ਆਗੂਆਂ ਲਈ ਪਰਖ ਦੀ ਘੜੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਖੜਦੇ ਹਨ ਜਾਂ ਕੁਰਸੀ ਦੇ ਮੋਹ ਵਿਚ ਮੋਦੀ ਨਾਲ ਖੜਨਗੇ।

ਉਨ੍ਹਾਂ ਕਿਹਾ ਕਿ ਸਮਰਥਨ ਮੁੱਲ ਖ਼ਤਮ ਹੋਇਆ ਤਾਂ ਪੰਜਾਬ ਦੇ ਕਿਸਾਨਾਂ ਲਈ ਬਹੁਤ ਮਾੜਾ ਹੋਵੇਗਾ। ਪੰਜਾਬ ਦੀਆਂ ਪ੍ਰਮੁੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਵੀ ਕੇਂਦਰੀ ਮੰਤਰੀ ਦੇ ਬਿਆਨ ਵਿਰੁਧ ਸਖ਼ਤ ਰੋਸ ਪ੍ਰਗਟਾਇਆ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੁਣ ਮੋਦੀ ਸਰਕਾਰ ਦੀ ਬਿੱਲੀ ਥੈਲਿਉਂ ਬਾਹਰ ਆ ਗਈ ਹੈ ਤੇ ਖੇਤੀ ਆਰਡੀਨੈਂਸਾਂ ਬਾਅਦ ਪੈਦਾ ਖਦਸ਼ੇ ਸਹੀ ਸਾਬਤ ਹੋ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਯੂਨੀਅਨ 20 ਜੁਲਾਈ ਤੋਂ ਬਾਅਦ ਵੱਡਾ ਅੰਦੋਲਨ ਛੇੜੇਗੀ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾਈ ਆਗੂ ਸਤਨਾਮ ਸਿੰਘ ਪੰਨੂੰ ਨੇ ਵੀ ਗਡਕਰੀ ਦੇ ਬਿਆਨ ਵਿਰੁਧ ਪ੍ਰਤੀਕਰਮ ਦਿੰਦਿਆਂ ਕੇਂਦਰ ਸਰਕਾਰ ਵਿਰੁਧ ਅੰਦੋਲਨ ਦੇ ਵਿਚਾਰ ਪੇਸ਼ ਕੀਤੇ।