ਨਵਾਂ ਅਕਾਲੀ ਦਲ ਛੇਤੀ ਹੋਂਦ 'ਚ ਆਏਗਾ : ਪਰਮਿੰਦਰ ਢੀਂਡਸਾ
ਸਾਰੇ ਜ਼ਿਲ੍ਹਿਆਂ 'ਚ ਨੇਤਾਵਾਂ ਨਾਲ ਰਾਬਤਾ-ਗੱਲਬਾਤ ਜਾਰੀ
ਚੰਡੀਗੜ੍ਹ, 12 ਜੂਨ (ਜੀ.ਸੀ. ਭਾਰਦਵਾਜ): ਪਿਛਲੇ ਸਾਲ ਸਤੰਬਰ 'ਚ ਸ਼੍ਰੋਮਣੀ ਅਕਾਲੀ ਦਲ-ਬਾਦਲ ਨਾਲੋਂ ਅੱਡ ਹੋਏ ਰਾਜ-ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਉਸ ਦੇ ਬੇਟੇ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਵਿਧਾਇਕ ਅੱਜ-ਕਲ ਨਵੀਂ ਸਿਆਸੀ ਪਾਰਟੀ ਖੜ੍ਹੀ ਕਰਨ ਦੇ ਮਨਸ਼ੇ ਨਾਲ ਕੋਰੋਨਾ ਵਾਇਰਸ ਦੇ ਡਰ ਵਾਲੇ ਮਾਹੌਲ 'ਚ ਤਕਰੀਬਨ ਸਾਰੇ ਜ਼ਿਲ੍ਹਿਆਂ 'ਚ ਹਮ-ਖਿਆਲੀ ਨੇਤਾਵਾਂ ਨੂੰ ਮਿਲਣਾ ਜਾਰੀ ਰੱਖ ਰਹੇ ਹਨ।
ਅੱਜ ਰੋਜ਼ਾਨ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦਸਿਆ ਕਿ ਭਾਵੇਂ 'ਬਾਪੂ ਜੀ' 80 ਵਰ੍ਹਿਆਂ ਦੇ ਹੋਣ ਕਰ ਕੇ ਇਸ ਕੋਰੋਨਾ ਮਹਾਂਮਾਰੀ ਕਰ ਕੇ ਬਹੁਤਾ ਬਾਹਰ ਨਹੀਂ ਨਿਕਲ ਰਹੇ ਪਰ ਮੇਰੇ ਵਲੋਂ ਬਠਿੰਡਾ, ਮਾਨਸਾ, ਸੰਗਰੂਰ, ਹੁਸ਼ਿਆਰਪੁਰ, ਰੋਪੜ, ਅੰਮ੍ਰਿਤਸਰ, ਜਲੰਧਰ ਤੇ ਹੋਰ ਜ਼ਿਲ੍ਹਿਆਂ 'ਚ ਅਪਣੇ ਨੇੜਲੇ ਸਾਥੀਆਂ ਨਾਲ ਮੇਲ-ਮਿਲਾਪ ਜਾਰੀ ਹੈ। ਸ. ਪਰਮਿੰਦਰ ਸਿੰਘ ਢੀਂਡਸਾ ਨੇ ਦਸਿਆ ਕਿ ਨਵਾਂ ਅਕਾਲੀ ਦਲ ਛੇਤੀ ਹੀ ਜਥੇਬੰਦ ਕੀਤਾ ਜਾਵੇਗਾ ਅਤੇ ਇਸ ਦੇ ਨਾਮ 'ਚ 'ਅਕਾਲੀ' ਸ਼ਬਦ ਜ਼ਰੂਰ ਰਹੇਗਾ।
ਉੁਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਦੋ ਮਹੀਨੇ 'ਚ ਯਾਨੀ ਅਗੱਸਤ ਦੇ ਅੱਧ ਤਕ ਇਸ ਦਾ ਜਥੇਬੰਦਕ ਢਾਂਚਾ, ਮਾਹਰਾਂ ਦੀ ਸਲਾਹ ਨਾਲ ਇਸ ਦਾ ਵਿਧਾਨ, ਕਾਰਜਕਾਰਨੀ ਕਮੇਟੀ ਤੇ ਪ੍ਰਧਾਨ ਬਾਰੇ ਫ਼ੈਸਲਾ ਹੋ ਜਾਵੇਗਾ। ਅਗਲਾ 2021 ਪੂਰਾ ਸਾਲ, ਜ਼ਿਲ੍ਹਿਆਂ ਬਲਾਕ ਪੱਧਰ ਅਤੇ ਪਿੰਡਾਂ ਤਕ ਪ੍ਰਚਾਰ ਜਾਰੀ ਰਹੇਗਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਪੂਰੀ ਕਰ ਲਈ ਜਾਵੇਗੀ।
ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਡਾ. ਅਜਨਾਲਾ ਤੇ ਹੋਰ ਬਾਦਲ ਪਰਵਾਰ ਨਾਲੋਂ ਅੱਡ ਤੇ ਰੁੱਸੇ ਹੋਏ ਟਕਸਾਲੀ ਨੇਤਾਵਾਂ ਨਾਂਲ ਪੂਰੀ ਸਲਾਹ-ਮਸ਼ਵਰੇ 'ਤੇ ਚਰਚਾ ਜਾਰੀ ਰੱਖਣ ਦੀ ਪ੍ਰੋੜਤਾ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਕਿ ਕੁੱਝ ਅਖ਼ਬਾਰਾਂ 'ਚ ਗ਼ਲਤ ਖ਼ਬਰਾਂ ਲੁਆ ਕੇ ਭਰਮ-ਭੁਲੇਖੇ ਪੈਦਾ ਕੀਤੇ ਜਾ ਰਹੇ ਹਨ।
ਉੁਨ੍ਹਾਂ ਸਾਫ਼-ਸਾਫ਼ ਕਿਹਾ ਕਿ ਪਿੰਡ ਕਸਬਾ ਪੱਧਰ 'ਤੇ ਬਾਦਲ ਅਕਾਲੀ ਦਲ ਵਿਰੁਧ ਲੋਕਾਂ 'ਚ ਬਹੁਤ ਗੁੱਸਾ ਹੈ ਅਤੇ ਸਾਡਾ ਨਵਾਂ ਅਕਾਲੀ ਦਲ ਹੋਂਦ 'ਚ ਆਉਣ ਸਮੇਂ ਬਹੁਤੇ ਨੇਤਾ, ਅਕਾਲੀਆਂ, ਕਾਂਗਰਸੀਆਂ ਅਤੇ 'ਆਪ' 'ਚੋਂ ਖਿਸਕਣੇ ਸ਼ੁਰੂ ਹੋ ਜਾਣਗੇ। ਕਿਸਾਨਾਂ ਵਿਰੁਧ ਕੇਂਦਰੀ ਫ਼ੈਸਲੇ ਪਿਛਲੇ ਹਫ਼ਤੇ ਆਉਣ ਨਾਲ ਸ. ਢੀਂਡਸਾ ਨੇ ਕਿਹਾ ਕਿ ਪਿੰਡਾਂ ਦੀ ਆਬਾਦੀ ਛੇਤੀ ਹੀ ਨਵੇਂ ਅਕਾਲੀ ਦਲ ਨਾਲ ਜੁੜੇਗੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨਾਲ ਨਾਰਾਜ਼ਗੀ ਬਾਦਲ ਦਲ ਨੂੰ ਹੁਣ ਮੂੰਹ ਨਹੀਂ ਲਾਵੇਗੀ।