ਪੰਜਾਬ ਤੇ ਹਿਮਾਚਲ ਪੁਲਿਸ ਵਲੋਂ ਸਰਹੱਦੀ ਪਿੰਡ ਮਜਾਰੀ ’ਚ ਛਾਪਾਮਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਨੇ ਜ਼ਿਲ੍ਹਾ ਰੂਪਨਗਰ ਅਧੀਨ ਪਿੰਡ ਮਜਾਰੀ ਵਿਖੇ ਹੁਣ ਤਕ ਦੀ ਸੱਭ ਤੋਂ

File Photo

ਸ੍ਰੀ ਆਨੰਦਪੁਰ ਸਾਹਿਬ, 12 ਜੂਨ (ਭਗਵੰਤ ਸਿੰਘ ਮਟੌਰ/ਸੇਵਾ ਸਿੰਘ) : ਪੰਜਾਬ ਪੁਲਿਸ ਨੇ ਜ਼ਿਲ੍ਹਾ ਰੂਪਨਗਰ ਅਧੀਨ ਪਿੰਡ ਮਜਾਰੀ ਵਿਖੇ ਹੁਣ ਤਕ ਦੀ ਸੱਭ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਦੋ ਲੱਖ ਲੀਟਰ ਲਾਹਨ ਨੂੰ ਨਸ਼ਟ ਕਰਨ ਦੇ ਨਾਲ-ਨਾਲ ਸੱਤ ਚਾਲੂ ਭੱਠੀਆਂ ਨੂੰ ਵੀ ਨਸ਼ਟ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਆਪਰੇਸ਼ਨ ਤਹਿਤ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਹਿਮਾਚਲ ਵਾਲੇ ਖਿੱਤੇ ’ਚ ਪੰਜਾਹ ਹਜ਼ਾਰ ਲੀਟਰ ਦੇ ਕਰੀਬ ਲਾਹਣ ਨੂੰ ਨਸ਼ਟ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਪੰਜਾਬ ਪੁਲਿਸ ਦੀ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਦਸਿਆ ਕਿ ਐਸ.ਪੀ ਰੈਂਕ ਦੇ ਪੁਲਿਸ ਅਫ਼ਸਰਾਂ ਵਲੋਂ 22 ਵੱਖ-ਵੱਖ ਟੀਮਾਂ ਦੀ ਅਗਵਾਈ ਕਰਦੇ ਹੋਏ ਤੜਕਸਾਰ ਚਾਰ ਵਜੇ ਇਹ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਜੋ ਅੱਜ ਦੁਪਹਿਰ ਬਾਰਾਂ ਵਜੇ ਸਫ਼ਲਤਾਪੂਰਨ ਸਮਾਪਤ ਹੋਇਆ ਹੈ। ਰੋਪੜ ਦੇ ਐਸਐਸਪੀ ਸਵਪਨ ਸ਼ਰਮਾ ਨੇ ਸਾਂਝੇ ਕਰਦਿਆਂ ਕਿਹਾ,“ਛਾਪਾਮਾਰੀ ਦੌਰਾਨ ਪੁਲਿਸ ਨੇ ਦੋ ਲੱਖ ਕਿਲੋਗ੍ਰਾਮ ਲਾਹਣ (ਕੱਚੀ ਦਾਰੂ) ਅਤੇ ਸੱਤ ਚਾਲੂ ਭੱਠੀਆਂ (ਦਾਰੂ ਕੀ ਭੱਠੀ) ਬਰਾਮਦ ਕੀਤੀਆਂ। 5 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਸ ਸਬੰਧੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੁਖਵਿੰਦਰ ਸਿੰਘ, ਕੁਲਵੀਰ ਸਿੰਘ ਦੋਵੇਂ ਪੁੱਤਰ ਧਿਆਨ ਸਿੰਘ, ਰਣਧੀਰ ਸਿੰਘ ਕਾਕੂ ਪੁੱਤਰ ਬੰਤਾ ਸਿੰਘ, ਸੋਹਣ ਸਿੰਘ ਮਾੜੂ ਪੁੱਤਰ ਪ੍ਰੀਤਮ ਸਿੰਘ, ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਸਾਰੇ ਵਾਸੀ ਪਿੰਡ ਮਜਾਰੀ ਵਿਰੁਧ ਐਕਸਾਈਜ਼ ਐਕਟ ਦੀ ਧਾਰਾ 61-1-14 ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।