ਸੈਂਕੜੇ ਕਿਸਾਨਾਂ, ਮਜ਼ਦੂਰਾਂ ਨੇ 10 ਜ਼ਿਲਿ੍ਹਆਂ ਦੇ 37 ਜ਼ੋਨਾਂ ਦੇ 89 ਪਿੰਡਾਂ ’ਚ ਵੱਡੇ ਇਕੱਠ ਕਰ ਕੇ .

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰਪੋਰੇਟ ਜਗਤ ਅੱਗੇ ਗੋਡੇ ਟੇਕੁ ਪ੍ਰਧਾਨ ਮੰਤਰੀ ਵਲੋਂ ਜ਼ਰੂਰੀ ਵਸਤਾਂ ਨਿਯਮ 1955 ਵਿਚ ਸੋਧ,

File Photo

ਅੰਮਿ੍ਰਤਸਰ, 12 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਕਾਰਪੋਰੇਟ ਜਗਤ ਅੱਗੇ ਗੋਡੇ ਟੇਕੁ ਪ੍ਰਧਾਨ ਮੰਤਰੀ ਵਲੋਂ ਜ਼ਰੂਰੀ ਵਸਤਾਂ ਨਿਯਮ 1955 ਵਿਚ ਸੋਧ, ਕਿਸਾਨ ਖੇਤੀ ਉਤਪਾਦਨ ਵਣਜ ਵਪਾਰ ਆਰਡੀਨੈਂਸ 2020, ਖੇਤੀ ਠੇਕਾ ਬਿੱਲ 2020 ਦਾ ਆਰਡੀਨੈਂਸ ਲਾਗੂ ਕਰ ਕੇ ਖੇਤੀ ਮੰਡੀ ਨਿਜੀ ਕੰਪਨੀਆਂ ਨੂੰ ਦੇਣ ਤੇ ਸੰਘੀ ਢਾਂਚੇ ਦਾ ਕੇਂਦਰੀਕਰਨ ਦਾ ਨੰਗਾਂ ਚਿੱਟ ਵਣਜ ਕੀਤਾ ਹੈ। ਉੱਤੋਂ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਿਨਾਂ ਕਿਸੇ ਲੁਕ ਲੁਕੋ ਦੇ ਸਥਿਤੀ ਸਪੱਸ਼ਟ ਕਰ ਦੇਣ ਵਾਲਾ ਬਿਆਨ ਨਵੀਂ ਦਿੱਲੀ ਤੋਂ ਦਾਗ਼ ਦਿਤਾ ਹੈ ਕਿ ਖੇਤੀ ਵਸਤਾਂ ਦਾ ਸਮਰਥਨ ਮੁੱਲ ਤੇ ਹਰਿਆਣਾ ਪੰਜਾਬ ਵਿਚ ਕੀਤੀ ਜਾਂਦੀ ਕਣਕ ਝੋਨੇ ਦੀ ਖਰੀਦ ਦੇਸ਼ ਦੀ ਆਰਥਿਕਤਾ ਲਈ ਖ਼ਤਰਾ ਹੈ, ਕਿਉਂਕਿ ਅੰਤਰਰਾਸ਼ਟਰੀ ਮੰਡੀ ਵਿਚ ਫ਼ਸਲਾਂ ਦੇ ਰੇਟ ਬਹੁਤ ਘੱਟ ਹਨ।

 ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਨੂੰ ਪੰਜਾਬ ਤੇ ਦੇਸ਼ ਵਿਚ ਗਦਰ ਫੈਲਾਉਣ ਵਾਲੀ ਕਾਰਵਾਈ ਦਸਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਤੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਚੈਲੇਂਜ ਕਬੂਲ ਕਰਨ ਲਈ ਜੰਗ-ਏ-ਮੈਦਾਨ ਵਿਚ ਕੁੱਦਣ ਦਾ ਸੱਦਾ ਦਿਤਾ ਹੈ। 

ਅੱਜ ਅੰਦੋਲਨ ਦੇ ਤੀਜੇ ਦਿਨ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ 10 ਜ਼ਿਲ੍ਹਆਂ ਦੇ 37 ਜ਼ੋਨਾਂ ਦੇ 89 ਪਿੰਡਾਂ ਵਿਚ ਮੋਦੀ ਸਰਕਾਰ, ਅਕਾਲੀ ਦਲ ਤੇ ਕਾਂਗਰਸ ਵਿਰੁਧ ਵੱਡੇ ਇਕੱਠ ਕਰ ਕੇ ਰੋਸ ਮੁਜ਼ਾਹਰੇ ਕੀਤੇ ਤੇ ਇਨ੍ਹਾਂ ਦੇ ਪੁਤਲੇ ਫੂਕੇ ਗਏ। ਰੋਸ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਥਾਵਾਂ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਿਜੀਕਰਨ ਤੇ ਕੇਂਦਰੀਕਰਨ ਦੀ ਨੀਤੀ ’ਤੇ ਸਪੱਸ਼ਟ ਲਕੀਰ ਖਿੱਚ ਦਿਤੀ ਹੈ। ਕੇਂਦਰੀ ਮੰਤਰੀ ਦਾ ਬਿਆਨ ਇਸੇ ਦਿਸ਼ਾ ਵੱਲ ਸਾਫ਼ ਸੰਕੇਤ ਹੈ।

ਕੇਂਦਰ ਸਰਕਾਰ ਅੰਨ ਸੁਰੱਖਿਆ ਸਕੀਮ ਅਧੀਨ ਕੋਟਾ ਸਿਸਟਮ ਲਾਗੂ ਕਰ ਕੇ ਥੋੜਾ ਹਿੱਸਾ ਅਨਾਜ ਲੈਣਗੇ ਤੇ ਬਾਕੀ ਦਾ ਅਨਾਜ ਖੁੱਲ੍ਹੀ ਮੰਡੀ ਵਿਚ ਵੇਚਣ ਲਈ ਕਿਸਾਨਾਂ ਨੂੰ ਛੱਡ ਦਿਤਾ ਜਾਵੇਗਾ। ਇਸ ਨੀਤੀ ਨਾਲ ਦੇਸ਼ ਦੇ ਭਰੇ ਅੰਨ ਭੰਡਾਰ ਦਾ ਵੀ ਭੋਗ ਪੈ ਜਵੇਗਾ ਤੇ ਅਨਾਜ ਦੀ ਕਿੱਲਤ ਪੈਦਾ ਕਰ ਕੇ ਕਾਰਪੋਰੇਟ ਕੰਪਨੀਆਂ ਮੁਨਾਫੇ ਦੀ ਅੰਨ੍ਹੀ ਹਵਸ ਰਾਂਹੀ ਲੁੱਟ ਕਰ ਕੇ 85 ਫ਼ੀ ਸਦੀ ਛੋਟੀ ਕਿਸਾਨੀ ਨੂੰ ਖੇਤੀ ਕਿੱਤੇ ’ਚੋਂ ਬਾਹਰ ਕਰ ਦੇਣਗੇ। ਕਿਸਾਨ ਆਗੂਆਂ ਨੇ ਕੈਪਟਨ ਸਰਕਾਰ ਨੂੰ ਜ਼ੋਰਦਾਰ ਤਰੀਕੇ ਨਾਲ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ ਨਹੀਂ ਤਾਂ ਲੋਕਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨ ਲਈ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੇ ਨਾਲ ਤੁਸੀਂ ਵੀ ਤਿਆਰ ਰਹੋ।