ਓ.ਪੀ ਸੋਨੀ ਨੇ ਮੈਡੀਕਲ ਕਾਲਜਾਂ ਦੀ ਕੋਵਿਡ-19 ਸਬੰਧੀ ਕਾਰਜਪ੍ਰਣਾਲੀ ਦਾ ਕੀਤਾ ਮੁਲਾਂਕਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਕਸੀਜਨ ਦੀ ਸਹੂਲਤ ਵਧਾਉਣ ਤੇ ਡਾਕਟਰਾਂ ਨੂੰ ਰੋਜ਼ਾਨਾ ਵਾਰਡਾਂ ’ਚ ਜਾਣ ਦੇ ਹੁਕਮ

OP Soni

ਚੰਡੀਗੜ੍ਹ, 12 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਡਾਕਟਰੀ ਸਿਖਿਆ ਅਤੇ ਖੋਜ  ਬਾਰੇ ਮੰਤਰੀ ਸ਼੍ਰੀ ਓ ਪੀ ਸੋਨੀ ਵਲੋਂ ਕੋਵਿਡ 19 ਦੇ ਮੱਦੇਨਜ਼ਰ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ  ਦੀ ਕਾਰਜਪ੍ਰਣਾਲੀ ਦਾ ਮੁਲਾਂਕਣ ਕੀਤਾ ਗਿਆ। ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਇਸ ਮੀਟਿੰਗ ਵਿੱਚ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ.ਤਿਵਾੜੀ, ਵਿਸ਼ੇਸ਼ ਸਕੱਤਰ ਸ੍ਰੀ ਕਰੁਨੇਸ਼ ਸ਼ਰਮਾ, ਡਾਇਰੈਕਟਰ ਡਾਕਟਰ ਅਵਨੀਸ਼ ਕੁਮਾਰ, ਸੰਯੁਕਤ ਡਾਇਰੈਕਟਰ  ਡਾਕਟਰ ਅਕਾਸ਼ਦੀਪ ਅਗਰਵਾਲ ਅਤੇ ਬਾਬਾ ਫਰੀਦ ਯੁਨਿਵਰਸੀਟੀ ਦੇ ਕੁਲਪਤੀ ਡਾਕਟਰ ਰਾਜ ਬਹਾਦਰ, ਗੁਰੂ ਰਵੀਦਾਸ ਯੁਨਿਵਰਸੀਟੀ  ਦੇ ਕੁਲਪਤੀ ਸ਼੍ਰੀ ਬਾਲ ਕ੍ਰਿਸ਼ਨ ਸ਼ਰਮਾ ਕੌਸ਼ਿਕ ਤੋਂ ਇਲਾਵਾ ਪੰਜਾਬ ਰਾਜ ਦੇ ਸਮੂਹ ਸਰਕਾਰੀ ਮੈਡੀਕਲ ਕਾਲਜ ,

ਆਯੂਰਵੈਦਿਕ ਕਾਲਜ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਹਾਜ਼ਰ ਸਨ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸਰਕਾਰੀ ਮੈਡੀਕਲ ਕਾਲਜ ਦੇ ਹਸਪਤਾਲਾਂ ਵਿਚ ਆਕਸੀਜਨ ਦੀ ਸਹੂਲਤ ਨਾਲ ਲੈਸ ਬੈਡਾਂ ਦੀ ਗਿਣਤੀ ਵਧਾਉਣ ਦੇ ਹੁਕਮ ਵੀ ਦਿਤੇ। ਕੋਵਿਡ-19 ਦੀ ਰੋਕਥਾਮ ਲਈ ਇੱਕ ਮਹੱਤਵਪੂਰਨ ਪਹਿਲ ਵਜੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵੱਲੋਂ ਇਲਾਜ ਦੇ ਨਵੀਨ ਢੰਗ-ਤਰੀਕਿਆਂ ਦੇ ਹਿੱਸੇ ਵਜੋਂ ਸੂਬੇ ਦੀ ਪਹਿਲੀ ਪਲਾਜ਼ਮਾ ਥੈਰੇਪੀ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਡਾਕਟਰਾਂ ਦੀ ਟੀਮ ਵੱਲੋਂ ਕੋਵਿਡ -19 ਦੇ ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਨੂੰ ਇਹ ਥੈਰੇਪੀ ਦਿੱਤੀ ਗਈ ਹੈ।

ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਆਈਸੀਐਮਆਰ (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਅਧੀਨ ਨੈਸ਼ਨਲ ਕਲੀਨਿਕਲ ਟਰਾਇਲ ਦੇ ਹਿੱਸੇ ਵਜੋਂ ਇਸ ਥੈਰੇਪੀ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਇਕ ਮੋਹਰੀ ਇੰਸਟੀਚਿਊ ਬਣ ਗਿਆ ਹੈ।  ਟੀਮ ਵਿੱਚ ਸ਼ਾਮਲ ਡਾ. ਰਵਿੰਦਰ ਗਰਗ (ਮੈਡੀਸਨ ਵਿਭਾਗ), ਡਾ. ਨੀਤੂ ਕੁੱਕਰ (ਬਲੱਡ ਟਰਾਂਸਫਿਊਜ਼ਨ ਵਿਭਾਗ), ਡਾ. ਨੀਰਜਾ ਜਿੰਦਲ (ਮਾਈਕਰੋਬਾਇਓਲੋਜੀ ਵਿਭਾਗ) ਅਤੇ ਡਾ. ਦਿਵਿਆ ਕਵਿਤਾ (ਕ੍ਰਿਟੀਕਲ ਕੇਅਰ ਵਿਭਾਗ) ਨੇ ਇਸ ਚੁਣੌਤੀ ਨੂੰ ਸਫਲ ਬਣਾਉਣ ਵਿੱਚ ਨਿਰੰਤਰ ਸਹਾਇਤਾ ਅਤੇ ਮਾਰਗ ਦਰਸ਼ਨ ਲਈ ਰਾਜ ਸਰਕਾਰ ਦਾ ਧੰਨਵਾਦ ਕੀਤਾ।