ਖੇਤ ’ਚੋਂ ਮਿਲੀ ਲੜਕੀ ਦੀ ਲਾਸ਼ ਦੀ ਗੁੱਥੀ ਸੁਲਝੀ
ਇੱਥੋਂ ਨੇੜਲੇ ਪਿੰਡ ਰਾਜੇਆਣਾ ਖੇਤਾਂ ਵਿਚ ਚਾਰ ਸਾਲ ਪਹਿਲਾਂ ਇਕ ਲੜਕੀ ਦੀ ਲਾਸ਼ ਮਿਲੀ ਸੀ ਜਿਸ ਦੀ
ਬਾਘਾ ਪੁਰਾਣਾ, 12 ਜੂਨ (ਸੰਦੀਪ ਬਾਘੇਵਾਲੀਆ) : ਇੱਥੋਂ ਨੇੜਲੇ ਪਿੰਡ ਰਾਜੇਆਣਾ ਖੇਤਾਂ ਵਿਚ ਚਾਰ ਸਾਲ ਪਹਿਲਾਂ ਇਕ ਲੜਕੀ ਦੀ ਲਾਸ਼ ਮਿਲੀ ਸੀ ਜਿਸ ਦੀ ਪਹਿਚਾਣ ਆਸ਼ਤਾ ਸੱਘੜ ਉਰਫ ਆਸ਼ੂ ਨਿਵਾਸੀ ਲੁਧਿਆਣਾ ਨਾਲ ਹੋਈ ਸੀ। ਉਕਤ ਲੜਕੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਸਥਾਨਕ ਸ਼ਹਿਰ ਦੀ ਬਾਘਾਪੁਰਾਣਾ ਪੁਲਿਸ ਨੇ ਕਥਿਤ ਦੋਸ਼ੀ ਲੜਕੀ ਦੇ ਕਥਿਤ ਪ੍ਰੇਮੀ ਦੇ ਇਕ ਦੋਸਤ ਦਾਰਾ ਸਿੰਘ ਉਰਫ਼ ਰਵੀ ਨਿਵਾਸੀ ਬਠਿੰਡਾ ਨੂੰ ਕਾਬੂ ਕੀਤਾ ਹੈ, ਜਿਸ ਨੇ ਹਤਿਆ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਯਤਨ ਕੀਤਾ। ਡੀ.ਐਸ.ਪੀ ਜਸਬਿੰਦਰ ਸਿੰਘ ਨੇ ਦਸਿਆ ਕਿ ਬਾਘਾਪੁਰਾਣਾ ਪੁਲਿਸ ਵਲੋਂ ਬੀਤੀ 4 ਜੁਲਾਈ 2016 ਨੂੰ ਪਿੰਡ ਰਾਜੇਆਣਾ ਦੇ ਖੇਤਾਂ ’ਚੋਂ ਇਕ ਅਣਪਛਾਤੀ ਲੜਕੀ ਦੀ ਲਾਸ਼ ਮਿਲਣ ਤੇ ਅਣਪਛਾਤੇ ਵਿਅਕਤੀਆਂ ਵਿਰੁਧ ਹਤਿਆ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਡੀ.ਐਸ.ਪੀ ਨੇ ਅੱਗੇ ਦਸਿਆ 2-3 ਜੁਲਾਈ 2016 ਦੀ ਰਾਤ ਨੂੰ ਦਾਰਾ ਸਿੰਘ ਉਰਫ ਰਵੀ ਅਤੇ ਉਸ ਦੇ ਸਾਢੂ ਗੋਲਡੀ ਨੇ ਆਸ਼ਥਾ ਸੱਘੜ ਉਰਫ ਆਸੂ ਦੀ ਹਤਿਆ ਕਰ ਦਿਤੀ ਅਤੇ ਉਸ ਨੂੰ ਇਕ ਐਂਬੂਲੈਂਸ ਰਾਹੀਂ ਜਿਸ ਦੇ ਡਰਾਈਵਰ ਨੇ ਉਨ੍ਹਾਂ ਕੋਲੋਂ 30 ਹਜ਼ਾਰ ਰੁਪਏ ਲਏ ਅਤੇ ਆਸ਼ਥਾ ਸੱਘੜ ਦੀ ਲਾਸ਼ ਨੂੰ ਬਾਘਾਪੁਰਾਣਾ ਦੇ ਕੋਲ ਰਛਪਾਲ ਸਿੰਘ ਦੇ ਖੇਤ ਵਿਚ ਬਣੇ ਖਾਲ ਅੰਦਰ ਕੱਪੜੇ ਵਿਚ ਲਪੇਟ ਕੇ ਸੁੱਟ ਦਿਤਾ। ਡੀ.ਐਸ.ਪੀ ਜਸਬਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਦਾਰਾ ਸਿੰਘ ਉਰਫ ਰਵੀ ਨਿਵਾਸੀ ਬਠਿੰਡਾ ਨੂੰ ਕਾਬੂ ਕਰ ਲਿਆ ਜਦਕਿ ਉਕਤ ਹਤਿਆ ਮਾਮਲੇ ਵਿਚ ਸ਼ਾਮਲ ਹੋਰਨਾਂ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।