ਕੋਚ ਕਤਲ ਮਾਮਲਾ: ਪੁਲਿਸ ਚੌਕੀ ਦੇ ਤਿੰਨ ਮੁਲਾਜ਼ਮ ਮੁਅੱਤਲ
ਚੌਕੀ ਇੰਚਾਰਜ ਪੁਲਿਸ ਲਾਈਨ ਤਲਬ, ਵਿਭਾਗੀ ਜਾਂਚ ਖੁਲ੍ਹੀ
ਬਠਿੰਡਾ (ਬਲਵਿੰਦਰ ਸ਼ਰਮਾ): ਪਿੰਡ ਚਾਓਕੇ ਦੇ ਕੋਚ ਹਰਵਿੰਦਰ ਸਿੰਘ( Harwinder Singh) ਦੇ ਕਤਲ ਮਾਮਲੇ (Coach murder case) ’ਚ ਪੁਲਿਸ ਚੌਕੀ ਦੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਜਦਕਿ ਬਾਕੀ ਸਾਰੇ ਸਟਾਫ਼ ਦੀ ਟਰਾਂਸਫਰ ਵੀ ਹੋ ਚੁੱਕੀ ਹੈ। ਚੌਕੀ ਇੰਚਾਰਜ ਨੂੰ ਪੁਲਿਸ ਲਾਈਨ ਤਲਬ ਕਰ ਲਿਆ ਗਿਆ ਹੈ ਜਿਸ ਵਿਰੁਧ ਵਿਭਾਗੀ ਜਾਂਚ ਵੀ ਖੁੱਲ੍ਹ ਗਈ ਹੈ। ਰਾਮਪੁਰਾ ਫੂਲ ਵਿਖੇ ਚੰਡੀਗੜ੍ਹ( Chandigarh) ਰੋਡ ’ਤੇ ਪਿੰਡ ਵਾਸੀਆਂ ਦਾ ਧਰਨਾ ਅੱਜ ਵੀ ਜਾਰੀ ਸੀ।
ਜ਼ਿਕਰਯੋਗ ਹੈ ਕਿ ਤਿੰਨ ਹਫ਼ਤੇ ਪਹਿਲਾਂ ਪਿੰਡ ਚਾਓਕੇ ਵਿਚ ਦੋ ਧਿਰਾਂ ਵਿਚ ਲੜਾਈ ਹੋਈ ਸੀ ਜਿਥੇ ਕੁਝ ਹਥਿਆਰਬੰਦ ਨੌਜਵਾਨਾਂ ਨੇ ਕਬੱਡੀ ਕੋਚ ਹਰਵਿੰਦਰ ਸਿੰਘ ਦੀ ਗੰਭੀਰ ਕੁੱਟਮਾਰ ਕੀਤੀ। ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਵਿਰੁਧ ਕੁੱਟਮਾਰ ਦਾ ਮਾਮਲਾ ਦਰਜ ਕਰ ਲਿਆ ਸੀ। ਤਿੰਨ ਦਿਨ ਪਹਿਲਾਂ ਇਲਾਜ ਦੌਰਾਨ ਕੋਚ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਉਕਤ ਮਾਮਲਾ ਕਤਲ ਵਿਚ ਤਬਦੀਲ ਕਰ ਦਿਤਾ ਸੀ ਜਿਸ ਵਿਚ ਕੁਲ 13 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ’ਚੋਂ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ।
ਡੀ.ਐਸ.ਪੀ. ਫੂਲ ਜਸਵੀਰ ਸਿੰਘ ਅਨੁਸਾਰ ਜਿਹੜੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ, ਇਕ ਮੁਨਸ਼ੀ ਤੇ ਦੋ ਹੋਮ ਗਾਰਡ ਦੇ ਸਿਪਾਹੀ ਹਨ। ਬਾਕੀ ਸਾਰੇ ਸਟਾਫ਼ ਦੀ ਟਰਾਂਸਫ਼ਰ ਵੀ ਕਰ ਦਿਤੀ ਗਈ ਹੈ। ਇਸ ਤੋਂ ਪਹਿਲਾਂ ਚੌਕੀ ਇੰਚਾਰਜ ਰੁਪਿੰਦਰ ਕੌਰ ਨੂੰ ਪੁਲਿਸ ਲਾਈਨ ਤਲਬ ਕੀਤਾ ਗਿਆ ਹੈ।
ਦੂਜੇ ਪਾਸੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਜਿਸ ਵਾਸਤੇ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੀ ਲੜਾਈ ਮੁਰਗੀ ਚੋਰੀ ਨੂੰ ਲੈ ਕੇ ਹੋਈ ਹੈ ਜੋ ਪਹਿਲਾਂ ਹੀ ਪੁਲਿਸ ਕੋਲ ਪਹੁੰਚ ਗਿਆ ਸੀ।