ਪਰਿਵਾਰ ਦੀ ਅਪੀਲ: ਰਾਜਨੀਤਿਕ ਜਾਂ ਜਨਤਕ ਹਿੱਤ ਲਈ ਨਾ ਵਰਤਿਆ ਜਾਵੇ ਸਿੱਧੂ ਮੂਸੇਵਾਲਾ ਦਾ ਨਾਮ
ਚੋਣਾਵੀਂ ਗੀਤ ’ਚ ਗਾਇਕ ਮੂਸੇਵਾਲਾ ਦੀਆਂ ਤਸਵੀਰਾਂ ਵਰਤਣ ਲਈ ‘ਆਪ’ ਨੇ ਵੀ ਕਾਂਗਰਸ ਦੀ ਕੀਤੀ ਨਿਖੇਧੀ
ਮਾਨਸਾ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਹੁਣ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਮ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਕੋਈ ਹੋਰ ਵਿਅਕਤੀ ਕਿਸੇ ਅਪਣੇ ਰਾਜਨੀਤਿਕ ਜਾਂ ਕਿਸੇ ਵੀ ਪ੍ਰਕਾਰ ਦੇ ਕੰਮ ਲਈ ਨਾ ਵਰਤਣ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਨੇ ਜ਼ਿਮਨੀ ਚੋਣ ਨੂੰ ਲੈ ਕੇ ਅਪਣੇ ਉਮੀਦਵਾਰ ਦਲਵੀਰ ਗੋਲਡੀ ਦੇ ਪ੍ਰਚਾਰ ਲਈ ਚੋਣਾਵੀਂ ਗੀਤ ਰਿਲੀਜ਼ ਕੀਤਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਚੁਣੇ ਗਏ ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀ ਕਾਂਗਰਸ ਨੇ ਆਪਣੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ’ਚ ਜਾਰੀ ਕੀਤੇ ਚੋਣਾਵੀਂ ਗੀਤ ’ਚ ਮਰਹੂਮ ਗਾਇਕ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਹੈ, ਜੋ ਦੁੱਖੀ ਪਰਿਵਾਰ ਅਤੇ ਪ੍ਰਸੰਸਕਾਂ ਦੇ ਦਿਲਾਂ ’ਤੇ ਸੱਟ ਮਾਰਨ ਬਰਾਬਰ ਹੈ।
ਗੁਰਮੇਲ ਸਿੰਘ ਨੇ ਕਿਹਾ, ‘‘ਇੱਕ ਮਾਂ ਨੇ ਆਪਣਾ ਬੇਟਾ ਖੋਹ ਦਿੱਤਾ ਹੈ, ਪਰ ਇਹ ਬਹੁਤ ਦੁਖਦਾਈ ਹੈ ਕਿ ਕਾਂਗਰਸ ਚੋਣਾ ’ਚ ਉਸ ਦੀ ਮੌਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਅਜਿਹਾ ਨਾ ਕਰਕੇ ਪਰਿਵਾਰ ਅਤੇ ਪ੍ਰਸੰਸਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਸੀ।’’