ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਲਈ ਇਕਜੁੱਟ ਹੋਣ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਪਹਿਲਾਂ ਖ਼ੁਦ ਹੀ ਏਕਤਾ ਕਰਨ ਤਾਂ ਹੀ ਕੌਮ ਵਿਚ ਕੋਈ ਏਕਤਾ ਦਾ ਮੁੱਢ ਬੱਝ ਸਕਦਾ ਹੈ।

Dhian Singh Mand, Giani Harpreet Singh

ਚੰਡੀਗੜ੍ਹ -  ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਹਨਾਂ ਨੇ ਇਕਜੁੱਟ ਹੋ ਕੇ ਸਿੱਖ ਕੌਮ ਲਈ ਕੰਮ ਕਰਨ ਦੀ ਗੱਲ ਕਹੀ ਹੈ। ਧਿਆਨ ਸਿੰਘ ਮੰਡ ਨੇ ਪੱਤਰ ਵਿਚ ਲਿਖਿਆ ਕਿ ਇਹ ਸਾਰੀ ਕੌਮ ਅਤੇ ਸੰਸਾਰ ਦੇ ਧਿਆਨ ਵਿਚ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੇਵਾ ਸੌਂਪੀ ਹੈ ਅਤੇ ਉਹਨਾਂ ਨੂੰ ਸਰਬੱਤ ਖਾਲਸਾ ਵਿਧੀ ਰਾਹੀਂ ਸੇਵਾ ਬਖਸ਼ਿਸ਼ ਹੋਈ ਹੈ। ਗੁਰੂ ਪੰਥ ਨੇ ਉਹਨਾਂ 'ਤੇ ਜ਼ਿੰਮੇਵਾਰੀਆਂ ਪਾਕੇ, ਕੁੱਝ ਆਸਾਂ ਵੀ ਰੱਖੀਆਂ ਹੋਈਆਂ ਹਨ।

ਪਰ ਦਿਨੋ ਦਿਨ ਪੰਥ ਦੀ ਨਿੱਘਰਦੀ ਹਾਲਤ ਵੇਖ ਕੇ, ਕੌਮ ਪੀੜਾ ਮਹਿਸੂਸ ਕਰ ਰਹੀ ਹੈ। ਇਸ ਕਰਕੇ ਕੌਮ ਵਿਚੋਂ ਆਵਾਜ਼ਾਂ ਉੱਠ ਰਹੀਆਂ ਹਨ। ਇਸ ਲਈ ਪੰਥ ਦੇ ਵਡੇਰੇ ਹਿੱਤਾਂ ਅਤੇ ਕੌਮੀਂ ਮਸਲਿਆਂ ਦੇ ਮੱਦੇਨਜ਼ਰ, ਜੋ ਕੁੱਝ ਸਿੱਖ ਸੰਗਤਾਂ ਵਿਚੋਂ ਆਵਾਜ਼ ਉੱਠ ਰਹੀ ਹੈ, ਉਸ ਦਰਦ ਨੂੰ ਸਾਂਝਾ ਕਰ ਰਿਹਾ ਹਾਂ। ਉਸ ਵਿਚੋਂ ਇਹ ਉਭਰਕੇ ਸਾਹਮਣੇ ਆ ਰਿਹਾ ਹੈ ਕਿ ਕੌਮ ਵਿਚਲੀ ਫੁੱਟ ਕਰ ਕੇ, ਸਿੱਖ ਪੰਥ ਅੱਜ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।

 

ਇਹ ਗੱਲ ਸਭ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਸ ਕਰ ਕੇ ਹੀ ਅਸੀਂ ਦੋਹਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਸਬੰਧ ਵਿਚ ਮਨਾਏ ਗਏ ਘੱਲੂਘਾਰਾ ਹਫ਼ਤੇ ਦੀ ਸਮਾਪਤੀ ਸਮੇਂ ਹੋਏ ਸਮਾਗਮਾਂ ਤੋਂ ਬਾਅਦ, ਸਿੱਖ ਕੌਮ ਨੂੰ ਏਕਤਾ ਵਾਸਤੇ ਭਾਵਪੂਰਤ ਅਪੀਲਾਂ ਕੀਤੀਆਂ ਸਨ। ਜਿਹਨਾਂ ਨੂੰ ਲੈ ਕੇ, ਸਿੱਖ ਬੁੱਧੀਜੀਵੀ ਵਰਗ ਅਤੇ ਕਈ ਸਿੱਖ ਚਿੰਤਕਾਂ ਅਤੇ ਲੇਖਕਾਂ ਨੇ ਇੱਕ ਵੱਡਾ ਸਵਾਲ ਖੜ੍ਹਾ ਕੀਤਾ ਹੈ ਕਿ ਜਥੇਦਾਰ ਪਹਿਲਾਂ ਖ਼ੁਦ ਹੀ ਏਕਤਾ ਕਰਨ ਤਾਂ ਹੀ ਕੌਮ ਵਿਚ ਕੋਈ ਏਕਤਾ ਦਾ ਮੁੱਢ ਬੱਝ ਸਕਦਾ ਹੈ।

ਇਸ ਸਬੰਧੀ ਦੀਰਘ ਵਿਚਾਰ ਕਰਨ ਉਪਰੰਤ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਸਨਮੁਖ, ਮੈਂ ਆਪਣਾ ਨੈਤਿਕ ਫਰਜ਼ ਸਮਝਦਿਆਂ, ਇਹ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਸਮੁੱਚੀ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਾਰੇ ਮਸਲਿਆਂ ਦੇ ਸਦੀਵੀ ਹੱਲ ਲਈ, ਸਭ ਤੋਂ ਪਹਿਲਾਂ ਆਪਾਂ ਨੂੰ ਖੁਦ," ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ "

 

ਦੇ ਸਿਧਾਂਤ ਅਨੁਸਾਰ ਜੁੜ ਕੇ ਬੈਠਣਾ ਚਾਹੀਦਾ ਹੈ। ਇਸ ਵਿਚ ਧੜਿਆਂ ਅਤੇ ਨਿੱਜਤਾ ਦਾ ਤਿਆਗ ਕਰ ਕੇ, ਸਿਰਫ਼ ਤੇ ਸਿਰਫ਼ ਪੰਥਕ ਫਰਜ਼ਾਂ ਅਤੇ ਮੁੱਦਿਆਂ ਨੂੰ ਤਰਜ਼ੀਹ ਦੇਣ ਵਾਲੀ ਗੁਫ਼ਤਗੂ ਅਕਾਲ ਤਖ਼ਤ ਸਾਹਿਬ ਵਿਖੇ ਹੋਣੀ ਚਾਹੀਦੀ ਹੈ, ਕਿਉਂਕਿ ਖੁਆਰੀਆਂ ਦਾ ਦੌਰ ਬਹੁਤ ਲੰਮਾਂ ਚੱਲ ਚੁੱਕਿਆ ਹੈ। ਇਸ ਨੂੰ ਹੋਰ ਬਰਦਾਸ਼ਤ ਕਰਨਾ ਮੂਰਖਤਾ ਹੀ ਹੋ ਸਕਦੀ ਹੈ। ਜੇ ਅਸੀਂ ਜ਼ਿੰਮੇਵਾਰ ਰੁਤਬਿਆਂ ਤੇ ਸੇਵਾ ਕਰ ਰਹੇ ਲੋਕ ਆਪਣੇ ਫਰਜ਼ਾਂ ਨੂੰ ਨਹੀਂ ਸਮਝਦੇ ਤਾਂ ਆਮ ਸਿੱਖਾਂ ਨੂੰ ਦੋਸ਼, ਸੰਦੇਸ਼ ਜਾਂ ਨਸੀਹਤਾਂ ਦੇਣ ਦਾ ਅਧਿਕਾਰ ਸਾਡੇ ਕੋਲ ਨਹੀਂ ਰਹਿ ਜਾਂਦਾ?

ਸਮੁੱਚੀ ਕੌਮ ਵਿਚ ਇਸ ਵੇਲੇ ਇੱਕ ਧਾਰਨਾ ਬਣ ਚੁੱਕੀ ਹੈ, ਜੋ ਕਿ ਸੌ ਫ਼ੀਸਦੀ ਸੱਚਾਈ ਵੀ ਹੈ, ਕਿ ਹਰ ਖੇਤਰ ਦੇ ਸਿੱਖ ਆਗੂਆਂ ਦੀਆਂ ਕਮਜ਼ੋਰੀਆਂ ਲਾਲਚ ਅਤੇ ਅਵੇਸਲੇਪਨ ਨੇ ਕੌਮ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਸਿੱਖ ਸਿਆਸਤ ਦਾ ਕੋਈ ਮੂੰਹ ਮੂੰਹਾਂਦਰਾ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ ਆਈਆਂ ਗਿਰਾਵਟਾਂ ਦਾ ਅਸਰ ਸ਼੍ਰੋਮਣੀ ਕਮੇਟੀ ਸਮੇਤ ਪੰਥਕ ਸੰਸਥਾਵਾਂ ਦੇ ਪ੍ਰਤੱਖ ਨਜ਼ਰ ਆ ਰਿਹਾ ਹੈ। ਧਾਰਮਿਕ ਕੁੰਡਾ ਨਾ ਹੋਣ ਕਰਕੇ ਸੰਪਰਦਾਵਾਂ ਵੀ ਆਪ ਮੁਹਾਰੀਆਂ ਹੋ ਗਈਆਂ ਹਨ।

ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਖ਼ੁਦ ਆਪਣੀਆਂ ਕਮਜ਼ੋਰੀਆਂ, ਗਲਤੀਆਂ ਬੇਸ਼ੱਕ ਉਹ ਜਾਣਦਿਆਂ ਹੋਇਆ ਕਿਸੇ ਪ੍ਰਭਾਵ ਥੱਲੇ ਹੋਈਆਂ ਹੋਣ ਜਾਂ ਅਣਜਾਣੇ ਵਿਚ ਹੋ ਗਈਆਂ ਹਨ, ਇਸ ਉੱਤੇ ਮੰਥਨ ਕਰਕੇ ਕੌਮ ਦੀ ਵਿਗੜੀ ਸਵਾਰਨ ਵਾਸਤੇ ਉੱਦਮ ਕਰਨਾ ਚਾਹੀਦਾ ਹੈ। ਸਾਡੇ ਇਹ ਰੁਤਬੇ ਜਾਂ ਪਦਵੀਆਂ ਸਿੱਖ ਪੰਥ ਨੇ ਸਾਨੂੰ ਆਪਣੀ ਸ਼ੋਭਾ ਵਧਾਉਣ ਵਾਸਤੇ ਨਹੀਂ, ਸਗੋਂ ਪੰਥ ਦੀ ਸੇਵਾ ਲਈ ਬਖਸ਼ਿਸ਼ ਕੀਤੇ ਹਨ। ਪ੍ਰੰਤੂ ਕੌਮ ਕੋਲ ਹਰ ਖੇਤਰ ਵਿਚ ਆਗੂਆਂ ਦੀ ਬਹੁਤਾਤ ਹੋਣ ਦੇ ਬਾਵਜੂਦ ਭਵਿੱਖ ਨਿਘਾਰ ਵੱਲ ਜਾਂਦਾ ਪ੍ਰਤੀਤ ਹੋ ਰਿਹਾ ਹੈ। ਮੈਂ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਹਰ ਤਰ੍ਹਾਂ ਦੀ ਦਲਦਲ ਤੋਂ ਉੱਪਰ ਉੱਠ ਕੇ ਤੁਹਾਨੂੰ ਸੱਦਾ ਦੇ ਰਿਹਾ ਹਾਂ ਕਿ ਆਓ ਕੌਮ ਦੀ ਵਿਗੜੀ ਸੰਵਾਰਨ ਵਾਸਤੇ ਜੁੜ ਬੈਠੀਏ। 

ਇਸ ਵੇਲੇ ਸਿੱਖ ਕੌਮ ਕੋਲ ਕੋਈ ਕੌਮੀ ਏਜੰਡਾ ਹੀ ਨਹੀਂ ਨਾ ਕਿਸੇ ਇੱਕ ਧਿਰ ਜਾਂ ਆਗੂ ਕੋਲ ਸਿੱਖ ਮੁੱਦਿਆਂ ਦੀ ਕੋਈ ਸੂਚੀ ਹੈ। ਇਸ ਸਮੇਂ ਪਹਿਲ ਪ੍ਰਿਥਮੇਂ ਇੱਕ ਕੌਮੀ ਏਜੰਡੇ ਦੀ ਲੋੜ ਹੈ। ਜਿਸ ਨੂੰ ਅਧਾਰ ਬਣਾਕੇ ਕੌਮ ਇੱਕਜੁੱਟ ਹੋ ਸਕੇ। ਪ੍ਰੰਤੂ ਇਸ ਤੋਂ ਪਹਿਲਾਂ ਸਾਡਾ ਜੁੜਕੇ ਬੈਠਣਾ ਕੌਮ ਵਿਚ ਇੱਕ ਨਵੀਂ ਰੂਹ ਅਤੇ ਜ਼ਜ਼ਬਾ ਜਗਾਵੇਗਾ। ਜਿਸ ਨਾਲ ਸਿੱਖ ਪੰਥ ਫਿਰ ਇੱਕ ਵਾਰ ਜਰਵਾਇਆਂ ਦੀਆਂ ਚਾਲਾਂ ਨੂੰ ਨਕਾਰਦਿਆਂ, ਕੌਮ ਦੇ ਉਜਲੇ ਭਵਿੱਖ ਵੱਲ ਕਮਰਕੱਸੇ ਕਰੇਗਾ। ਦਾਸ ਨੇ ਪਹਿਲ ਕਦਮੀਂ ਕਰਦਿਆਂ, ਆਪ ਜੀ ਨੂੰ ਸੱਦਾ ਦਿੱਤਾ ਹੈ। ਹੁਣ ਤੁਹਾਡੀ ਵਾਰੀ ਹੈ ਕਿ ਪੰਥਕ ਹਿੱਤਾਂ ਦੇ ਮੱਦੇਨਜ਼ਰ ਹਾਂ ਪੱਖੀ ਹੁੰਗਾਰਾ ਭਰਦਿਆਂ, ਬਿਨਾਂ ਕਿਸੇ ਦੇਰੀ ਤੋਂ ਅਕਾਲ ਤਖ਼ਤ ਸਾਹਿਬ ਤੋਂ ਜੁੜ ਬੈਠਣ ਦਾ ਸਮਾਂ ਤਹਿ ਕਰੋ। ਦੱਸ ਦਈਏ ਕਿ ਫਿਲਹਾਲ ਜਥੇਦਾਰ ਦੀ ਇਸ ਪੱਤਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।