ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਦੇ ਵੇਰਵੇ 'ਲੀਕ'

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਦੇ ਵੇਰਵੇ 'ਲੀਕ'

image

 

ਨਵੀਂ ਦਿੱਲੀ, 12 ਜੂਨ: ਕੋਵਿਨ (ਕੋਵਿਡ ਵੈਕਸੀਨ ਇੰਟੈਲੀਜੈਂਸ ਨੈੱਟਵਰਕ) ਦੇ ਡਾਟਾ 'ਚ ਸੰਨ੍ਹ ਲੱਗ ਜਾਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਅੱਜ ਸਰਕਾਰ ਨੂੰ  ਹੱਥਾਂ-ਪੈਰਾਂ ਦੀਆਂ ਪੈ ਗਈਆਂ ਅਤੇ ਉਸ ਨੇ ਕਈ ਸਪਸ਼ਟੀਕਰਨ ਜਾਰੀ ਕਰ ਕੇ ਕਿਹਾ ਕਿ ਦੇਸ਼ 'ਚ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਜਾਣਕਾਰੀ ਸੁਰਖਿਅਤ ਹੈ |
ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਨ ਪਲੈਟਫ਼ਾਰਮ 'ਤੇ ਰਜਿਸਟਰਡ ਲਾਭਪਾਤਰੀਆਂ ਦੇ ਵੇਰਵੇ ਲੀਕ ਹੋਣ ਦੀਆਂ ਖ਼ਬਰਾਂ ਨੂੰ  'ਬੇਬੁਨਿਆਦ' ਦਸਿਆ ਅਤੇ ਉਸ ਨੇ ਦੇਸ਼ ਦੀ ਨੋਡਲ ਸਾਇਬਰ ਸੁਰਖਿਆ ਏਜੰਸੀ ਸਰਟ-ਇਨ ਨੂੰ  ਮਾਮਲੇ 'ਚ ਜਾਂਚ ਕਰਨ ਅਤੇ ਇਕ ਰੀਪੋਰਟ ਪੇਸ਼ ਕਰਨ ਲਈ ਕਿਹਾ ਹੈ | ਜਦਕਿ ਕੇਂਦਰੀ ਸੂਚਨਾ ਤਕਨੀਕ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਕਿਹਾ ਕਿ ਅਜਿਹਾ ਨਹੀਂ ਲਗਦਾ ਕੋਵਿਡ ਐਪ ਜਾਂ ਡੇਟਾਬੇਸ ਸਿੱਧੇ ਤੌਰ 'ਤੇ ਇਸ ਦਾ ਸ਼ਿਕਾਰ ਹੋਇਆ ਹੈ |
ਇਹ ਸਪੱਸ਼ਟੀਕਰਨ ਵਿਰੋਧੀ ਧਿਰ ਦੇ ਆਗੂਆਂ ਵਲੋਂ ਕੋਵਿਨ ਪੋਰਟਲ 'ਤੇ ਗੁਪਤਤਾ ਦੀ ਵੱਡੀ ਉਲੰਘਣਾ ਦਾ ਦਾਅਵਾ ਕਰਨ ਤੋਂ ਬਾਅਦ ਆਇਆ ਹੈ, ਜਿਸ ਵਿਚ ਟੀਕਾਕਰਨ ਕਰਵਾਉਣ ਵਾਲੇ ਵਿਅਕਤੀਆਂ ਦੇ ਨਿੱਜੀ ਵੇਰਵੇ, ਉਨ੍ਹਾਂ ਦੇ ਮੋਬਾਈਲ ਨੰਬਰ, ਆਧਾਰ ਨੰਬਰ, ਪਾਸਪੋਰਟ ਨੰਬਰ, ਵੋਟਰ ਆਈ.ਡੀ. ਕਾਰਡ ਅਤੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਲੀਕ ਹੋ ਗਏ |
ਇਕ ਟਵੀਟ ਵਿਚ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਦੇ ਸਾਕੇਤ ਗੋਖਲੇ ਨੇ ਰਾਜ ਸਭਾ ਸੰਸਦ ਮੈਂਬਰ ਅਤੇ ਟੀ.ਐਮ.ਸੀ. ਆਗੂ ਡੇਰੇਕ ਓ ਬ੍ਰਾਇਨ, ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਸਮੇਤ ਵਿਰੋਧੀ ਨੇਤਾਵਾਂ ਦੇ ਕੁਝ ਉੱਚ-ਪ੍ਰੋਫਾਈਲ ਨਾਵਾਂ ਦਾ ਜ਼ਿਕਰ ਕੀਤਾ | ਇਸ ਦੇ ਨਾਲ ਹੀ, ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਡਾਟਾ ਹੁਣ ਜਨਤਕ ਹੋ ਗਿਆ ਹੈ | ਗੋਖਲੇ ਨੇ ਕੁਝ ਪੱਤਰਕਾਰਾਂ ਦਾ ਨਾਂ ਵੀ ਲਿਆ ਅਤੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਵੇਰਵੇ ਵੀ ਆਨਲਾਈਨ ਮੌਜੂਦ ਹਨ | ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਅਤੇ ਉਨ੍ਹਾਂ ਦੀ ਪਤਨੀ ਰਿਤੂ ਖੰਡੂਰੀ ਜੋ ਕਿ ਉੱਤਰਾਖੰਡ ਦੇ ਕੋਟਦਵਾਰ ਤੋਂ ਵਿਧਾਇਕ ਹਨ, ਵੀ ਇਸ ਡੇਟਾ ਲੀਕ ਦਾ ਸ਼ਿਕਾਰ ਹੋਏ ਹਨ | ਕਥਿਤ ਤੌਰ 'ਤੇ ਡਾਟਾ 'ਚ ਸੰਨ੍ਹ ਲੱਗਣ ਕਰ ਕੇ ਕਿਸੇ ਵੀ ਵਿਅਕਤੀ ਦਾ ਨਾਂ ਲਿਖ ਕੇ ਕੁਝ ਅਜਿਹੀ ਵਿਅਕਤੀਗਤ ਜਾਣਕਾਰੀ ਪ੍ਰਾਪਤ ਕਰਨ ਦੀਆਂ ਖ਼ਬਰਾਂ ਆ ਰਹੀਆਂ ਸਨ ਜੋ ਲੋਕਾਂ ਨੇ ਅਪਣੇ ਟੀਕਾਕਰਨ ਲਈ ਸਰਕਾਰ ਦੇ ਪੋਰਟਲ 'ਤੇ ਦਿਤੀ ਸੀ |
ਕੇਂਦਰੀ ਮੰਤਰੀ ਚੰਦਰਸ਼ੇਖਰ ਨੇ ਟਵੀਟ ਕਰ ਕੇ ਕਿਹਾ, ''ਇਕ ਟੈਲੀਗ੍ਰਾਮ ਬੋਟ ਫ਼ੋਨ ਨੰਬਰ ਦੀ ਐਂਟਰੀ 'ਤੇ ਕੋਵਿਡ ਐਪ ਦਾ ਵੇਰਵਾ ਵਿਖਾ ਰਿਹਾ ਸੀ | ਇੰਜ ਲਗਦਾ ਹੈ ਕਿ ਇਸ ਨੂੰ  ਪਹਿਲਾਂ ਤੋਂ ਚੋਰੀ ਕੀਤੇ ਡੇਟਾ ਨਾਲ ਜੋੜਿਆ ਗਿਆ ਹੈ | ਅਜਿਹਾ ਨਹੀਂ ਲਗਦਾ ਕਿ ਕੋਵਿਡ ਐਪ ਜਾਂ ਡੇਟਾਬੇਸ 'ਚ ਸਿੱਧੇ ਤੌਰ 'ਤੇ ਸੰਨ੍ਹ ਲੰਗੀ ਹੈ |''
ਸਿਹਤ ਮੰਤਰਾਲੇ ਨੇ ਨੂੰ ਦਸਿਆ ਕਿ ਕੋਵਿਡ-19 ਟੀਕਾਕਰਨ ਰਜਿਸਟਰੇਸ਼ਨ ਪੋਰਟਲ ਕੋਵਿਨ ਜਨਮ ਮਿਤੀ ਅਤੇ ਪਤੇ ਸਮੇਤ ਕਿਸੇ ਵਿਅਕਤੀ ਦਾ ਕੋਈ ਵੀ ਨਿੱਜੀ ਵੇਰਵਾ ਇਕੱਠਾ ਨਹੀਂ ਕਰਦਾ ਹੈ |