ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

image


ਲਹਿਰਾਗਾਗਾ, 12 ਜੂਨ (ਗੁਰਮੇਲ ਸਿੰਘ ਸੰਗਤਪੁਰਾ) : ਅੱਜ ਨੇੜਲੇ ਪਿੰਡ ਗਾਗਾ ਦੇ ਇਕ ਕਿਸਾਨ ਦੀ ਖੇਤ ਵਿਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ | ਮਿ੍ਤਕ ਦੋ ਬੱਚਿਆਂ ਦਾ ਪਿਤਾ ਸੀ, ਅਜੇ ਉਸ ਨੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਅਪਣੇ ਇਕਲੌਤੇ ਬੇਟੇ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੇ ਪਿਤਾ ਨਛੱਤਰ ਸਿੰਘ ਨੇ ਅਪਣੇ ਪੁੱਤਰ ਦੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਮੇਰਾ ਲੜਕਾ ਗੁਲਜਾਰ ਸਿੰਘ ਖੇਤੀਬਾੜੀ ਦਾ ਕੰਮਕਾਰ ਕਰਦਾ ਹੈ ਜੋ ਅੱਜ ਸਵੇਰੇ ਵਕਤ ਕਰੀਬ 10 ਵਜੇ ਚੰਗਾਲੀਵਾਲਾ ਵਿਖੇ ਮੋਟਰ ਦੀ ਵਾਰੀ ਨੂੰ ਲੈ ਕੇ ਖੇਤ 'ਚ ਪਾਣੀ ਦੇਣ ਗਿਆ ਸੀ | ਸਾਨੂੰ ਵਕਤ ਕਰੀਬ 11:30 ਦੁਪਹਿਰ ਲਾਡੀ ਸਿੰਘ ਜੋ ਖੇਤ 'ਚ ਉਨ੍ਹਾਂ ਦੇ ਨਾਲ ਮੌਜੂਦ ਸਨ, ਨੇ ਫ਼ੋਨ ਕੀਤਾ ਕਿ ਗੁਲਜਾਰ ਸਿੰਘ ਨੂੰ ਮੋਟਰ ਚਲਾਉਂਦੇ ਸਮੇਂ ਸਟਾਟਰ ਵਿਚੋਂ ਕਰੰਟ ਲੱਗ ਗਿਆ ਹੈ | ਫਿਰ ਅਸੀਂ ਗੱਡੀ ਲੈ ਕੇ ਮੌਕਾ ਪਰ ਖੇਤ ਚੰਗਾਲੀਵਾਲਾ ਵਿਖੇ ਪੁੱਜੇ ਜਿਥੇ ਗੁਲਜਾਰ ਸਿੰਘ ਦੇ ਹੱਥ ਦੀਆਂ ਉਂਗਲਾਂ ਉਪਰ ਕਰੰਟ ਲੱਗਾ ਹੋਇਆ ਸੀ, ਜਿਸ ਨੂੰ ਅਸੀਂ ਇਲਾਜ ਲਈ ਸਿਵਲ ਹਸਪਤਾਲ ਲਹਿਰਾ ਵਿਖੇ ਲੈ ਗਏ ਜਿਥੇ ਡਾਕਟਰ ਨੇ ਗੁਲਜਾਰ ਸਿੰਘ ਮਿ੍ਤਕ ਕਰਾਰ ਦੇ ਦਿਤਾ | ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੂਣਕ ਨੂੰ ਭੇਜ ਦਿਤਾ ਹੈ | ਖ਼ਬਰ ਲਿਖੇ ਜਾਣ ਤਕ ਲਾਸ਼ ਦਾ ਪੋਸਟਮਾਰਟਮ ਹੋਣਾ ਬਾਕੀ ਸੀ |