ਪਿ੍ਅੰਕਾ ਗਾਂਧੀ ਨੇ ਮੱਧ ਪ੍ਰਦੇਸ਼ 'ਚ ਚੋਣ ਬਿਗਲ ਵਜਾਇਆ
ਪਿ੍ਅੰਕਾ ਗਾਂਧੀ ਨੇ ਮੱਧ ਪ੍ਰਦੇਸ਼ 'ਚ ਚੋਣ ਬਿਗਲ ਵਜਾਇਆ
ਨਰਮਦਾ ਨਦੀ 'ਚ ਕੀਤੀ ਪੂਜਾ, ਹਿਮਾਚਲ ਅਤੇ ਕਰਨਾਟਕ 'ਚ ਜਿੱਤ ਦਿਵਾਉਣ ਵਾਲੇ ਪੰਜ ਵਾਅਦੇ ਦੁਹਰਾਏ
ਜਬਲਪੁਰ, 12 ਜੂਨ: ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੇ ਮੱਧ ਪ੍ਰਦੇਸ਼ 'ਚ ਇਸ ਸਾਲ ਦੇ ਅਖ਼ੀਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਸੋਮਵਾਰ ਨੂੰ ਜਬਲਪੁਰ 'ਚ ਇਕ ਰੈਲੀ ਨਾਲ ਕੀਤੀ ਅਤੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇ 220 ਮਹੀਨਿਆਂ ਦੇ ਸ਼ਾਸਨ 'ਚ 225 ਘਪਲੇ ਹੋਏ |
ਉਨ੍ਹਾਂ ਨੇ ਸ਼ਿਵਰਾਜ ਸਿੰਘ ਚੌਹਾਨ ਸਰਕਾਰ 'ਤੇ ਭਿ੍ਸ਼ਟਾਚਾਰ 'ਚ ਸ਼ਾਮਲ ਹੋਣ ਅਤੇ ਨੌਕਰੀਆਂ ਮੁਹਈਆ ਕਰਵਾਉਣ 'ਚ ਅਸਫ਼ਲ ਰਹਿਣ ਦਾ ਦੋਸ਼ ਲਾਇਆ |
ਉਨ੍ਹਾਂ ਨੇ ਵਿਆਪਮ, ਖੁਦਾਈ, ਈ-ਟੈਂਡਰ ਅਤੇ ਰਾਸ਼ਨ ਵੰਡ 'ਚ ਕਥਿਤ ਭਿ੍ਸ਼ਟਾਚਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਅੰਦਰ ਭਾਜਪਾ ਸਰਕਾਰ ਦੇ 220 ਮਹੀਨਿਆਂ ਦੇ ਰਾਜ 'ਚ 225 'ਘਪਲੇ' ਹੋਏ ਹਨ | ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ 'ਹਰ ਮਹੀਨੇ ਇਕ ਨਵਾਂ ਘਪਲਾ' ਕਰਦੀ ਹੈ | ਉਨ੍ਹਾਂ ਨੇ ਮੱਧ ਪ੍ਰਦੇਸ਼ 'ਚ ਕਿਸਾਨਾਂ ਦੇ ਕਰਜ਼ ਮਾਫ਼ ਕਰਨ, ਔਰਤਾਂ ਲਈ ਹਰ ਮਹੀਨੇ 1500 ਰੁਪਏ ਦੇਣ ਦੀ ਸਕੀਮ, ਰਸੋਈ ਗੈਸ ਸਿਲੰਡਰ 500 ਰੁਪਏ 'ਚ ਦੇਣ, ਬੁਢਾਪਾ ਪੈਨਸ਼ਨ ਸਕੀਮ ਅਤੇ ਸਸਤੀ ਬਿਜਲੀ ਮੁਹਈਆ ਕਰਵਾਉਣ ਦੇ ਪੰਜ ਵਾਅਦੇ ਕੀਤੇ ਜਿਨ੍ਹਾਂ ਨਾਲ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਜਿੱਤ ਮਿਲੀ ਹੈ | ਇਸ ਤੋਂ ਪਹਿਲਾਂ ਪਿ੍ਅੰਕਾ ਨੇ ਜਬਲਪੁਰ ਪਹੁੰਚਣ ਤੋਂ ਬਾਅਦ ਮੱਧ ਪ੍ਰਦੇਸ਼ ਦੀ ਜੀਵਨ ਰੇਖਾ ਮੰਨੀ ਜਾਣ ਵਾਲੀ ਨਰਮਦਾ ਨਦੀ 'ਚ ਪੂਜਾ ਵੀ ਕੀਤੀ | ਉਨ੍ਹਾਂ ਮੱਧ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਕਮਲਨਾਥ, ਸੂਬੇ ਦੇ ਪਾਰਟੀ ਜਨਰਲ ਸਕੱਤਰ ਜੇ.ਪੀ. ਅਗਰਵਾਲ ਅਤੇ ਰਾਜ ਸਭਾ ਸੰਸਦ ਮੈਂਬਰ ਵਿਵੇਕ ਤਨਖਾ ਨਾਲ ਗਵਾਰੀਘਾਟ 'ਚ ਨਰਮਦਾ ਕਿਨਾਰੇ ਪੂਜਾ ਕੀਤੀ | (ਪੀਟੀਆਈ)