ਬ੍ਰਹਮਪੁਰਾ ਦੇ ਜ਼ਿੱਦੀ ਰਵਈਏ ਕਾਰਨ ਹੀ ਉਨ੍ਹਾਂ ਦਾ ਸਾਥ ਛੱਡਣ ਲਈ ਮਜਬੂਰ ਹੋਏ: ਬੀਰ ਦਵਿੰਦਰ ਸਿੰਘ
ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ
ੰਚੰਡੀਗੜ੍ਹ, 12 ਜੁਲਾਈ (ਗੁਰਉਪਦੇਸ਼ ਭੁੱਲਰ): ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਅਕਾਲੀ ਦਲ (ਟਕਸਾਲੀ) ਦੇ ਸਾਬਕਾ ਆਗੂ ਬੀਰ ਦਵਿੰਦਰ ਸਿੰਘ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਲਾਏ ਦੋਸ਼ਾਂ ਦਾ ਜਵਾਬ ਦਿਤਾ ਹੈ।
ਉਨ੍ਹਾਂ ਇਸ ਗੱਲ ਨੂੰ ਪੂਰੀ ਤਰ੍ਹਾਂ ਗ਼ਲਤ ਦਸਿਆ ਕਿ ਉਨ੍ਹਾਂ ਤੇ ਢੀਂਡਸਾ ਵਲੋਂ ਨਵਾਂ ਦਲ ਬਣਾਉਣ ਤੋਂ ਪਹਿਲਾਂ ਦਸਿਆ ਨਹੀਂ ਗਿਆ ਅਤੇ ਉਸ ਨਾਲ ਧੋਖਾ ਕਰ ਕੇ ਪਿੱਠ ਵਿਚ ਛੁਰਾ ਮਾਰਿਆ ਗਿਆ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਦਲ ਦੇ ਗਠਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਢੀਂਡਸਾ ਨੇ ਪੀ.ਜੀ.ਆਈ ਵਿਚ ਬ੍ਰਹਮਪੁਰਾ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁਛਣ ਤੋਂ ਇਲਾਵਾ ਲੁਧਿਆਣਾ ਮੀਟਿੰਗ ਵਿਚ ਆਉਣ ਦਾ ਸੱਦਾ ਵੀ ਦਿਤਾ ਸੀ। ਪਰ ਬ੍ਰਹਮਪੁਰਾ ਨੇ ਪਾਰਟੀ ਨਾ ਬਣਾਉਣ ਦੀ ਗੱਲ ਕਹਿ ਕੇ ਨਾਂਹ ਕਰ ਦਿਤੀ ਸੀ। ਪਰ ਉਸ ਸਮੇਂ ਸਾਰਾ ਪ੍ਰੋਗਰਾਮ ਤੈਅ ਹੋ ਚੁਕਾ ਸੀ ਜਿਸ ਨੂੰ ਰੱਦ ਨਹੀਂ ਸੀ ਕੀਤਾ ਜਾ ਸਕਦਾ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੋਰ ਕਮੇਟੀ ਦੀ ਇਸ ਤੋਂ ਪਹਿਲਾਂ ਹੋਈ ਮੀਟਿੰਗ ਵਿਚ ਵੀ ਬ੍ਰਹਮਪੁਰਾ ਨੂੰ ਪੰਥਕ ਏਕਤਾ ਦੇ ਵਡੇਰੇ ਹਿਤਾਂ ਵਿਚ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਸੁਝਾਅ ਦਿਤਾ ਗਿਆ ਸੀ। ਪਰ ਉਹ ਜ਼ਿੱਦੀ ਰਵਈਆ ਰੱਖਦਿਆਂ ਟਕਸਾਲੀ ਦਲ ਨੂੰ ਭੰਗ ਕਰ ਲਈ ਤਿਆਰ ਨਹੀਂ ਸਨ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਆਖ਼ਰ ਬ੍ਰਹਮਪੁਰਾ ਦੇ ਜ਼ਿੱਦੀ ਰਵਈਏ ਕਾਰਨ ਹੀ ਉਨ੍ਹਾਂ ਨੂੰ ਟਕਸਾਲੀ ਦਲ ਦਾ ਸਾਥ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਬੀਰ ਦਵਿੰਦਰ ਸਿੰਘ ਨੇ ਜਥੇਦਾਰ ਬ੍ਰਹਮਪੁਰਾ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਉਹ ਸੀਨੀਅਰ ਤੇ ਸਤਿਕਾਰਯੋਗ ਪੁਰਾਣੇ ਪੰਥਕ ਨੇਤਾ ਹਨ ਜਿਸ ਕਰ ਕੇ ਉਨ੍ਹਾਂ ਨੂੰ ਨਵੇਂ ਦਲ ਵਿਚ ਸਲਾਹਕਾਰ ਜਾਂ ਸਰਪ੍ਰਸਤ ਵਜੋਂ ਅਗਵਾਈ ਦੇਣੀ ਚਾਹੀਦੀ ਹੈ। ਇਹੀ ਪੰਥ ਤੇ ਪੰਜਾਬ ਦੇ ਹਿਤ ਵਿਚ ਹੈ।