ਪਾਬੰਦੀਆਂ ਲਾਗੂ ਕਰਨ ਲਈ ਅੱਜ ਤੋਂ ਸੂਬੇ ਵਿਚ ਹੋਰ ਸਖ਼ਤੀ ਹੋਵੇਗੀ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪੰਜਾਬ ਨੂੰ ਮਹਾਂਰਾਸ਼ਟਰ ਜਾਂ ਦਿੱਲੀ ਨਹੀਂ ਬਣਨ ਦਿਆਂਗੇ

Capt Amrinder Singh

ਚੰਡੀਗੜ੍ਹ, 12 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਵੱਧ ਰਹੇ ਕੋਰੋਨਾ ਦੇ ਖ਼ਤਰੇ ਅਤੇ ਲੋਕਾਂ ਵਲੋਂ ਸਾਵਧਾਨੀਆਂ ਵਰਤਣ ਵਿਚ ਕੀਤੀ ਜਾ ਰਹੀ ਢਿਲਮੱਠ ਦਾ ਸਖ਼ਤ ਨੋਟਿਸ ਲੈਂਦਿਆਂ 13 ਜੁਲਾਈ ਨੂੰ ਸੂਬੇ ਵਿਚ ਪਾਬੰਦੀਆਂ ਲਾਗੂ ਕਰਵਾਉਣ ਲਈ ਹੋਰ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਜ ਫੇਸਬੁਕ ਸੈਸ਼ਨ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤੀ ਸਬੰਧੀ ਨਵੇਂ ਐਲਾਨ ਕੀਤੇ ਜਾਣਗੇ। ਫ਼ਿਲਹਾਲ ਸਨਿਚਰਵਾਰ ਅਤੇ ਐਤਵਾਰ ਦਾ ਲਾਕਡਾਊਨ ਜਾਰੀ ਰਹੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਆਪ ਆਖੇ ਨਹੀਂ ਲੱਗ ਰਹੇ ਪਰ ਅਸੀ ਪੰਜਾਬ ਨੂੰ ਕੋਰੋਨਾ ਮਾਮਲੇ ਵਿਚ ਮਹਾਂਰਾਸ਼ਟਰ ਜਾਂ ਦਿੱਲੀ ਨਹੀਂ ਬਣਨ ਦਿਆਂਗੇ। ਉਨ੍ਹਾਂ ਕਿਹਾ ਕਿ ਸਾਡੇ 17 ਪੀ.ਸੀ.ਐਸ. ਅਫ਼ਸਰ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਉਨ੍ਹਾਂ ਹੋਰ ਸਖ਼ਤੀ ਬਾਰੇ ਨਵੇਂ ਐਲਾਨਾਂ ਸਬੰਧੀ ਕਿਹਾ ਕਿ ਸਮਾਜਕ ਦੂਰੀ ਰੱਖਣ ਲਈ ਭੀੜ ਘੱਟ ਕਰਨ ਤੇ ਹੋਰ ਸਿਆਸੀ ਇਕੱਠਾਂ ਆਦਿ 'ਤੇ ਰੋਕ ਲੱਗੇਗੀ।

ਉਨ੍ਹਾਂ ਕਿਹਾ ਕਿ ਜਦ ਤਕ ਕੋਰੋਨਾ ਦੀ ਕੋਈ ਦਵਾਈ ਜਾਂ ਟੀਕਾ ਨਹੀਂ ਬਣਦਾ ਸਾਵਧਾਨੀ ਤਾਂ ਰੱਖਣੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਕੰਮਕਾਰਾਂ ਸਮੇਂ ਵੀ ਮਾਸਕ ਜ਼ਰੂਰੀ ਕੀਤਾ ਜਾਵੇਗਾ ਅਤੇ ਗ਼ਰੀਬ ਲੋਕਾਂ ਨੂੰ ਵੰਡਣ ਲਈ ਡਿਪਟੀ ਕਮਿਸ਼ਨਰਾਂ ਨੂੰ ਮਾਸਕ ਸਪਲਾਈ ਕਰਾਂਗੇ। ਉਨ੍ਹਾਂ ਕਿਹਾ ਕਿ ਥੋੜ੍ਹੇ ਜਿਹੇ ਲੱਛਣ ਦਿਸਣ 'ਤੇ ਤੁਰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਕਾਲਜਾਂ-ਯੂਨੀਵਰਸਿਟੀਆਂ ਦੇ ਇਮਤਿਹਾਨਾਂ ਬਾਰੇ ਕਿਹਾ ਕਿ ਸਾਡੇ ਲਈ ਬੱਚਿਆਂ ਦੀ ਸੁਰੱਖਿਆ ਜ਼ਰੂਰੀ ਹੈ ਅਤੇ ਇਮਤਿਹਾਨ ਇਸ ਸਮੇਂ ਸੰਭਵ ਨਹੀਂ।

ਕੇਂਦਰ ਦੀ ਨਵੀਂ ਨੀਤੀ ਗ਼ਲਤ ਹੈ ਅਤੇ ਇਸ 'ਤੇ ਵਿਚਾਰ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਸਕੂਲੀ ਫ਼ੀਸਾਂ ਬਾਰੇ ਉਨ੍ਹਾਂ ਮੁੜ ਕਿਹਾ ਕਿ ਅਸੀ ਮਾਪਿਆਂ ਨਾਲ ਹਾਂ। ਜੇ ਪੜ੍ਹਾਈ ਹੀ ਨਹੀਂ ਕਰਵਾਈ ਤਾਂ ਫ਼ੀਸ ਕਾਹਦੀ? ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਇੰਤਕਾਲਾਂ ਵਿਚ ਦੇਰੀ ਦੂਰ ਕਰਨ ਲਈ ਵਿਸ਼ੇਸ਼ ਮੁਹਿੰਮ ਦਾ ਐਲਾਨ ਕੀਤਾ। ਐਸ.ਜੀ.ਪੀ.ਸੀ. ਵਲੋਂ ਬਾਹਰੋਂ ਘਿਉ ਖ਼ਰੀਦਣ ਨੂੰ ਵੀ ਗ਼ਲਤ ਦਸਿਆ। ਉਨ੍ਹਾਂ ਕਿਹਾ ਕਿ ਵੇਰਕਾ ਵਧੀਆ ਘਿਉ ਤੇ ਹੋਰ ਪਦਾਰਥ ਮੁਹਈਆ ਕਰਵਾਉਂਦਾ ਹੈ। ਉਨ੍ਹਾਂ ਕੋਰੋਨਾ ਦੀ ਲੜਾਈ ਸੱਭ ਪਾਰਟੀਆਂ ਨੂੰ ਸਿਆਸਤ ਤੋਂ ਉਪਰ ਉਠ ਕੇ ਸਹਿਯੋਗ ਲਈ ਅਪੀਲ ਕੀਤੀ।

ਜਿੰਨੇ ਅਕਾਲੀ ਦਲ ਬਣਨ ਚੰਗਾ ਹੈ
ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿਚ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਦਲ ਬਣਾਉਣ ਪਿਛੇ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਸਾਡਾ ਅਕਾਲੀ ਦਲ ਦੇ ਕੰਮਾਂ ਵਿਚ ਦਖ਼ਲ ਦਾ ਕੋਈ ਕੰਮ ਨਹੀਂ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਤੰਤਰ ਹੈ ਅਤੇ ਜਿੰਨੇ ਅਕਾਲੀ ਦਲ ਬਣਨਗੇ ਚੰਗਾ ਹੈ। ਪਹਿਲਾਂ ਵੀ ਬਹੁਤ ਦਲ ਰਹੇ ਹਨ। ਕੋਈ ਵਿਅਕਤੀ ਕਿਸੇ ਵੀ ਦਲ ਵਿਚ ਕੰਮ ਕਰ ਸਕਦਾ ਹੈ ਪਰ ਗੜਬੜ ਦੀ ਆਗਿਆ ਨਹੀਂ ਦਿਆਂਗੇ।