ਸ਼੍ਰੋਮਣੀ ਕਮੇਟੀ ਦੀ ਅੰਤਿਰੰਗ ਕਮੇਟੀ ਨੇ ਪਾਵਨ ਸਰੂਪਾਂ ਦੇ ਮਾਮਲੇ ’ਚ ਜਾਂਚ ਸਬੰਧੀ ਲਿਆ ਨਵਾਂ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਜਥੇਦਾਰ’ ਨੂੰ ਸੇਵਾ ਮੁਕਤ ਸਿੱਖ ਜੱਜ ਜਾਂ ਪ੍ਰਮੁੱਖ ਸਿੱਖ ਸ਼ਖ਼ਸੀਅਤ ਪਾਸੋਂ ਜਾਂਚ ਕਰਵਾਉਣ ਦੀ ਅਪੀਲ

SGPC

ਅੰਮ੍ਰਿਤਸਰ, 12 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਘੱਟਣ ਦੇ ਮਾਮਲੇ ਸਬੰਧੀ ਕਿਸੇ ਸੀਨੀਅਰ ਸਿੱਖ ਜੱਜ (ਸੇਵਾ ਮੁਕਤ) ਜਾਂ ਕਿਸੇ ਪ੍ਰਮੁੱਖ ਸਿੱਖ ਸ਼ਖ਼ਸੀਅਤ ਪਾਸੋਂ ਨਿਰਪੱਖ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। 

ਇਥੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ 72 ਘੰਟਿਆਂ ਦੇ ਨੋਟਿਸ ’ਤੇ ਬੁਲਾਈ ਗਈ ਅੰਤਿ੍ਰੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਦੌਰਾਨ ਮਤਾ ਪਾਸ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮਾਮਲੇ ਦੀ ਜਾਂਚ ਸੇਵਾ ਮੁਕਤ ਸੀਨੀਅਰ ਸਿੱਖ ਜਾਂ ਕਿਸੇ ਪ੍ਰਮੁੱਖ ਸਿੱਖ ਹਸਤੀ ਪਾਸੋਂ ਕਰਵਾਉਣ, ਤਾਂ ਜੋ ਸਾਰੀ ਸੱਚਾਈ ਸਿੱਖ ਸੰਗਤ ਸਾਹਮਣੇ ਆ ਸਕੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੱਲਬਾਤ ਦੌਰਾਨ ਦਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਬੇਹੱਦ ਜ਼ਰੂਰੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ। ਜਾਂਚ ਨੂੰ ਕੋਈ ਵੀ ਪ੍ਰਭਾਵਤ ਨਾ ਕਰ ਸਕੇ ਇਸ ਲਈ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਅਤੇ ਜਿਲਦਬੰਦੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਨੂੰ ਤੁਰਤ ਤਬਦੀਲ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਇਸ ਤਹਿਤ ਵਿਭਾਗ ਨਾਲ ਸਬੰਧਤ ਸੀ.ਜੀ.ਐੱਲ., ਸੁਪਰਵਾਈਜ਼ਰ, ਇੰਚਾਰਜ, ਮੀਤ ਸਕੱਤਰ, ਐਡੀਸ਼ਨਲ ਸਕੱਤਰ ਅਤੇ ਸਕੱਤਰ ਬਦਲੇ ਜਾਣਗੇ। 

ਪਬਲੀਕੇਸ਼ਨ ਵਿਭਾਗ ਵਿਖੇ ਕੰਮ ਕਰਦੇ ਸ. ਕੰਵਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਦੀ ਸੇਵਾਮੁਕਤੀ ਸਮੇਂ ਚਾਰਜ ਲੈਣ ਮੌਕੇ ਪਾਵਨ ਸਰੂਪ ਘੱਟਣ ਦੀ ਗੰਭੀਰ ਸ਼ਿਕਾਇਤ ਸਾਹਮਣੇ ਆਈ ਸੀ। ਭਾਵੇਂ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਸਬ-ਕਮੇਟੀ ਗਠਤ ਕਰ ਕੇ ਜਾਂਚ ਕੀਤੀ ਜਾ ਰਹੀ ਸੀ, ਪ੍ਰੰਤੂ ਹਰ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਇਹ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੇਵਾ ਮੁਕਤ ਸਿੱਖ ਜੱਜ ਜਾਂ ਕਿਸੇ ਨਿਰਪੱਖ ਸਿੱਖ ਸ਼ਖ਼ਸੀਅਤ ਪਾਸੋਂ ਕਰਵਾਈ ਜਾਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤਿ੍ਰੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ ਆਦਿ ਹਾਜ਼ਰ ਸਨ।