ਮਾਨਸੂਨ ਦੇ ਪਹਿਲੇ ਮੀਂਹ ਨੇ ਕੀਤਾ ਪੰਜਾਬ ਨੂੰ ਜਲਥਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਕਾਨ ਡਿੱਗਣ ਨਾਲ ਚਾਰ ਮੌਤਾਂ ਤੇ ਮਾਲੀ ਨੁਕਸਾਨ ਵੀ ਹੋਇਆ

first monsoon rains

ਚੰਡੀਗੜ੍ਹ, 12 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਅਜੇ ਮਾਨਸੂਨ ਦੀ ਸ਼ੁਰੂਆਤ ਹੀ ਹੋਈ ਹੈ ਤੇ ਬੀਤੀ ਰਾਤ ਪੰਜਾਬ ’ਚ ਭਾਰੀ ਮੀਂਹ ਪਿਆ ਪਰ ਪੰਜਾਬ ਇਹ ਪਹਿਲਾ ਮੀਂਹ ਵੀ ਨਾ ਝੱਲ ਸਕਿਆ ਤੇ ਪੂਰਾ ਪੰਜਾਬ ਜਲ ਥਲ ਹੋ ਗਿਆ। ਐਤਵਾਰ ਨੂੰ ਸ਼ਾਮ ਤਕ ਵੀ ਕਈ ਸ਼ਹਿਰਾਂ ’ਚੋਂ ਪਾਣੀ ਦਾ ਨਿਕਾਸ ਨਾ ਹੋ ਸਕਿਆ। ਲੋਕ ਪਾਣੀ ਨਾਲ ਪਾਣੀ ਹੁੰਦੇ ਦਿਖਾਈ ਦਿਤੇ। ਦੇਰ ਰਾਤ ਨੂੰ ਆਏ ਤੂਫ਼ਾਨ ਨੇ ਜਲਾਲਾਬਾਦ ਹਲਕੇ ਅੰਦਰ ਭਾਰੀ ਤਬਾਹੀ ਮਚਾਈ। ਤੂਫ਼ਾਨ ਕਾਰਨ ਸ਼ਹਿਰ ਦੇ ਨਾਲ ਅੱਧਾ ਦਰਜਨ ਤੋਂ ਵੱਧ ਸ਼ੈਲਰ ਮਿੱਲਾਂ ਦੀਆਂ ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ ਤੇ ਕਈਆਂ ਦੀਆਂ ਚਾਦਰਾਂ ਉੱਡਣ ਕਾਰਨ ਹੇਠਾਂ ਮਸ਼ੀਨਰੀ ਤੇ ਸਟੋਰ ਕੀਤੇ ਚਾਵਲ ਦਾ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਕਈ ਸ਼ੈਲਰਾਂ ਦੀਆਂ ਦੀਵਾਰਾਂ ਵੀ ਡਿੱਗੀਆਂ। 

ਬਠਿੰਡਾ ਤੇ ਸੰਗਰੂਰ ਜ਼ਿਲ੍ਹੇ ਦੇ ਕਈ ਸ਼ਹਿਰਾਂ ਅੰਦਰ ਪਾਣੀ ਨਾਲ ਸੜਕਾਂ ਨੇ ਨਹਿਰਾਂ ਦਾ ਰੂਪ ਧਾਰ ਲਿਆ। ਸਥਾਨਕ ਪ੍ਰਸ਼ਾਸਨ ਦੀ ਨਕਾਮੀ ਦਾ ਸਬੂਤ ਦਿੰਦਿਆਂ ਲੋਕ ਪਾਣੀ ’ਚ ਲੰਘਣ ਲਈ ਮਜਬੂਰ ਹੁੰਦੇ ਦਿਖਾਈ ਦਿਤੇ। ਇਸ ਝੱਖੜ ਨਾਲ ਕਈ ਦਰੱਖ਼ਤ ਡਿੱਗ ਪਏ ਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਜਿਸ ਨੂੰ ਬਹਾਲ ਕਰਨ ਲਈ ਪਾਵਰਕਾਮ ਨੂੰ ਪੂਰੀ ਤਾਕਤ ਝੋਕਣੀ ਪਈ।

ਇਸ ਬਰਸਾਤ ਨੇ ਸੂਬੇ ਦਾ ਜਾਨੀ ਨੁਕਸਾਨ ਵੀ ਕੀਤਾ। ਅੰਮ੍ਰਿਤਸਰ ਤੇ ਫਗਵਾੜਾ ’ਚ ਮਕਾਨਾਂ ਦੀਟਾ ਛੱਤਾਂ ਡਿੱਗਣ ਕਾਰਨ ਚਾਰ ਮੌਤਾਂ ਹੋ ਗਈਆਂ। ਅੰਮ੍ਰਿਤਸਰ ’ਚ ਜਿਥੇ ਨਵ ਵਿਆਹੇ ਨੇ ਦਮ ਤੋੜਿਆ ਉਥੇ ਹੀ ਫਗਵਾੜਾ ’ਚ ਮਾਂ-ਧੀ ਦੀ ਮੌਤ ਹੋ ਗਈ। ਇਸ ਤਰ੍ਹਾਂ ਮਾਨਸੂਨ ਦੇ ਪਹਿਲੇ ਮੀਂਹ ਨੇ ਹੀ ਸੂਬੇ ਨੂੰ ਉਸ ਦੀ ਔਕਾਤ ਦਿਖਾ ਦਿਤੀ ਤੇ ਲੋਕਾਂ ਨੂੰ ਜਗ੍ਹਾ ਦਿਤਾ ਕਿ ਪ੍ਰਸ਼ਾਸਨ ਨੇ ਤਾਂ ਮੱਠੀ ਚਾਲ ਕੰਮ ਕਰਨਾ ਹੈ ਤੇ ਆਪ ਹੀ ਅਪਣਾ ਪ੍ਰਬੰਧ ਕਰ ਲਵੋ।

ਰੱਬ ਦਾ ਸ਼ੁਕਰ ਰਿਹਾ ਕਿ ਅਜੇ ਪਹਾੜਾਂ ’ਚ ਇੰਨੀ ਜ਼ਿਆਦਾ ਬਾਰਸ਼ ਨਹੀਂ ਹੋ ਰਹੀ, ਨਹੀਂ ਤਾਂ ਪੰਜਾਬ ’ਚ ਕਿਸੇ ਨਾ ਕਿਸੇ ਨਦੀ ਨੇ ਵੀ ਲੋਕਾਂ ਨੂੰ ਲਪੇਟੇ ’ਚ ਲੈ ਲੈਣਾ ਸੀ। ਇਸ ਪਹਿਲੇ ਮੀਂਹ ਤੋਂ ਬਾਅਦ ਘੱਗਰ ਦੇ ਨੇੜੇ-ਤੇੜੇ ਵਸਦੇ ਪਿੰਡਾਂ ਦੇ ਲੋਕ ਵੀ ਚੌਕਸ ਦਿਖਾਈ ਦਿਤੇ। ਉਨ੍ਹਾਂ ਦੋ ਦਿਨ ਪਹਿਲਾਂ ਹੀ ਪ੍ਰਸ਼ਾਸਨ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿਤੀ ਸੀ ਤੇ ਲੋਕ ਘੱਗਰ ਦੇ ਕਿਨਾਰਿਆਂ ’ਤੇ ਪਹਿਰੇ ਦਿੰਦੇ ਵੀ ਦਿਖਾਈ ਦਿਤੇ। 

ਘਰ ਦੀ ਛੱਤ ਡਿੱਗਣ ਨਾਲ ਨਵ-ਵਿਆਹੇ ਜੋੜੇ ਦੀ ਮੌਤ 
ਅੰਮ੍ਰਿਤਸਰ, 12 ਜੁਲਾਈ (ਪਪ) : ਬੀਤੀ ਰਾਤ ਆਇਆ ਤੂਫ਼ਾਨ ਤੇ ਤੇਜ਼ ਮੀਂਹ ਅੰਮ੍ਰਿਤਸਰ ਦੇ ਇਕ ਪਰਵਾਰ ਉਤੇ ਕਹਿਰ ਬਣ ਕੇ ਵਰਿ੍ਹਆ ਜਿਸ ਵਿਚ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ। ਘਟਨਾ ਢੱਪਈ ਇਲਾਕੇ ਦੀ ਹੈ, ਜਿੱਥੇ ਬੀਤੀ ਰਾਤ ਆਏ ਤੇਜ਼ ਤੂਫ਼ਾਨ ਤੇ ਮੀਂਹ ਕਾਰਨ ਮਕਾਨ ਦੀ ਛੱਡ ਡਿੱਗ ਗਈ ਜਿਸ ਕਾਰਨ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ। ਛੱਤ ਡਿੱਗਣ ਕਾਰਨ ਹੇਠਾਂ ਸੁੱਤੇ ਪਤੀ-ਪਤਨੀ ਮਲਬੇ ਥਲ੍ਹੇ ਦੱਬੇ ਗਏ।ਮ੍ਰਿਤਕਾਂ ਦੀ ਪਛਾਣ ਪਤੀ ਰਵਿੰਦਰ ਸਿੰਘ (33) ਅਤੇ ਪਤਨੀ ਹਰਪ੍ਰੀਤ ਕੌਰ (27) ਦੇ ਰੂਪ ਵਿਚ ਹੋਈ ਹੈ।

ਰਵਿੰਦਰ ਸਿੰਘ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਮਹਿਜ਼ ਇਕ ਸਾਲ ਪਹਿਲਾਂ ਹੀ ਰਵਿੰਦਰ ਅਤੇ ਹਰਪ੍ਰੀਤ ਦਾ ਵਿਆਹ ਹੋਇਆ ਸੀ ਜਿਨ੍ਹਾਂ ਦੀ ਅੱਜ ਛੱਤ ਡਿੱਗਣ ਕਾਰਨ ਮੌਤ ਹੋ ਗਈ। ਘਟਨਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਜਿਥੇ ਰੋ-ਰੋ ਬੁਰਾ ਹਾਲ ਹੈ, ਉਥੇ ਹੀ ਇਸ ਘਟਨਾ ਦੇ ਚਲਦੇ ਸਥਾਨਕ ਲੋਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।