ਜਿੰਨਾ ਚਿਰ ਅਹੁਦੇ ’ਤੇ ਰਹਾਂਗੀ ਕਿਸੇ ਨਾਲ ਨਹੀਂ ਹੋਵੇਗੀ ਬੇਇਨਸਾਫ਼ੀ : ਮਨੀਸ਼ਾ ਗੁਲਾਟੀ

ਏਜੰਸੀ

ਖ਼ਬਰਾਂ, ਪੰਜਾਬ

ਜਿੰਨਾ ਚਿਰ ਅਹੁਦੇ ’ਤੇ ਰਹਾਂਗੀ ਕਿਸੇ ਨਾਲ ਨਹੀਂ ਹੋਵੇਗੀ ਬੇਇਨਸਾਫ਼ੀ : ਮਨੀਸ਼ਾ ਗੁਲਾਟੀ

image

ਬਰਨਾਲਾ/ਧਨੌਲਾ, 13 ਜੁਲਾਈ (ਹਰਜਿੰਦਰ ਸਿੰਘ ਪੱਪੂ/ਅਮਨਦੀਪ ਬਾਂਸਲ) : ਪਿਛਲੇ ਦਿਨੀਂ ਖ਼ੁਦਕੁਸ਼ੀ ਕਰਨ ਵਾਲੇ ਧਨੌਲਾ ਦੇ ਲਵਪ੍ਰੀਤ ਸਿੰਘ ਦੇ ਘਰ ਪਹੁੰਚੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪਿੰਡ ਖੁੱਡੀ ਦੀ ਬੇਅੰਤ ਕੌਰ ਨਾਲ ਵਿਆਹ ਕਰਵਾਉਣ ਉਪਰੰਤ ਲੱਖਾਂ ਰੁਪਏ ਲਗਾ ਕੇ ਕੈਨੇਡਾ ਭੇਜਣ ਵਾਲੇ ਲਵਪ੍ਰੀਤ ਸਿੰਘ ਦੇ ਮਾਤਾ ਜੀ ਨੇ ਦਸਿਆ ਕਿ ਕੈਨੇਡਾ ਪਹੁੰਚ ਕੇ ਬੇਅੰਤ ਕੌਰ ਪਹਿਲਾਂ ਤਾਂ ਠੀਕ ਰਹੀ ਪਰ ਬਾਅਦ ਵਿੱਚ ਲਵਪ੍ਰੀਤ ਨੂੰ ਕੈਨੇਡਾ ਲਿਜਾਣ ਲਈ ਉਹ ਚੁੱਪ ਹੋ ਗਈ ਤੇ ਅਖੀਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਵਾਲੇ ਉਨ੍ਹਾਂ ਦੇ ਬੇਟੇ ਨੇ ਮੌਤ ਨੂੰ ਗਲੇ ਲਗਾ ਲਿਆ। 
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕੈਨੇਡਾ ਰਹਿ ਰਹੀ ਬੇਅੰਤ ਕੌਰ ਨਾਲ ਉਨ੍ਹਾਂ ਗੱਲਬਾਤ ਕੀਤੀ ਹੈ, ਕੁੱਝ ਸਵਾਲਾਂ ਦੇ ਜਵਾਬ ਉਨ੍ਹਾਂ ਦਿਤੇ ਤੇ ਕਈ ਸਵਾਲਾਂ ਦੇ ਜਵਾਬ ਅਜੇ ਬਾਕੀ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਨਿਆਂ ਦਿਵਾਉਣ ਲਈ ਇਥੇ ਪਰਵਾਰ ਨੂੰ ਮਿਲਣ ਪੁੱਜੇ ਹਨ ਤਾਂ ਜੋ ਉਨ੍ਹਾਂ ਦਾ ਪੱਖ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਉਹ ਇਸ ਅਹੁਦੇ ’ਤੇ ਰਹਿਣਗੇ ਲੜਕਾ ਹੋਵੇ ਚਾਹੇ ਲੜਕੀ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵਗੀ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਕਿਸੇ ਉਚ ਅਧਿਕਾਰੀ ਤੋਂ ਕਰਵਾਈ ਜਾਵੇਗੀ ਅਗਰ ਲੜਕੀ ਗ਼ਲਤ ਪਾਈ ਗਈ ਤਾਂ ਕੈਨੇਡਾ ਸਰਕਾਰ ਦੇ ਸਹਿਯੋਗ ਨਾਲ ਲੜਕੀ ਨੂੰ ਵਾਪਸ ਲਿਆਂਦਾ ਜਾਵੇਗਾ, ਜਦਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਜਲਦੀ ਖ਼ੁਦ ਕੈਨੇਡਾ ਜਾ ਰਹੇ ਨੇ ਤੇ ਵਾਪਸ ਆ ਕੇ ਸੱਭ ਦੇ ਸਾਹਮਣੇ ਇਕ ਤਸਵੀਰ ਪੇਸ਼ ਕੀਤੀ ਜਾਵੇਗੀ ਤਾਕਿ ਪਤਾ ਲੱਗ ਸਕੇ ਕਿ ਵਿਦੇਸ਼ਾਂ ’ਚ ਉਹਨਾਂ ਦੇ ਬੱਚਿਆਂ ਨੂੰ ਕਿੰਨੀ ਮੁਸ਼ਕਲ ਪੇਸ਼ ਆ ਰਹੀ ਹੈ। 
ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਤੋਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਖ਼ਤ ਨੀਤੀ ਦੀ ਮੰਗ ਕਰਨਗੇ ਤਾਂ ਜੋ ਵਿਦੇਸ਼ ਜਾਣ ਦੇ ਮਾਮਲਿਆਂ ਵਿਚ ਹੁੰਦੀ ਧੋਖਾਧੜੀ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਉਚ ਪੱਧਰ ’ਤੇ ਕਰਵਾਈ ਜਾਵੇਗੀ ਅਤੇ ਕਸੂਰਵਾਰਾਂ ਵਿਰੁਧ ਕਾਰਵਾਈ ਹੋਵੇਗੀ ਤੇ ਪੀੜਤਾਂ ਨੂੰ ਜ਼ਰੂਰ ਨਿਆਂ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿਚ ਵੀ ਹਨ ਤਾਂ ਜੋ ਲਵਪ੍ਰੀਤ ਦੇ ਕੇਸ ਵਿਚ ਸਾਰੇ ਪੱਖਾਂ ਨੂੰ ਵਾਚਿਆ ਜਾ ਸਕੇ। ਇਸ ਮੌਕੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਅਜਿਹੇ ਮਾਮਲਿਆਂ ਦੇ ਪੀੜਤ ਵੱਡੀ ਗਿਣਤੀ ਹੋਰ ਲੋਕਾਂ ਨੂੰ ਵੀ ਮਿਲੇ, ਜਿਨ੍ਹਾਂ ਨੂੰ ਪੂਰੇ ਨਿਆਂ ਦਾ ਭਰੋਸਾ ਦਿਤਾ। ਉਨ੍ਹਾਂ ਪੰਜਾਬ ਦੀ ਨੌਜਵਾਨੀ ਅਤੇ ਪਰਵਾਰਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਧੀਆਂ-ਪੁੱਤਾਂ ਬਾਹਰ ਭੇਜਣ ਦੇ ਮਾਮਲੇ ਵਿਚ ਪੂਰੀ ਘੋਖ ਕਰਨ ਅਤੇ ਧੋਖਾਧੜੀ ਤੋਂ ਬਚਣ ਲਈ ਜਾਗੂਰਕ ਹੋਣ। ਇਸ ਮੌਕੇ ਪੰਜਾਬ ਭਰ ’ਚੋਂ ਸੈਂਕੜੇ ਲੋਕਾਂ ਨੇ ਪਹੁੰਚਕੇ ਅਪਣੀਆਂ ਮੁਸ਼ਕਲਾਂ ਮਨੀਸ਼ਾ ਗੁਲਾਟੀ ਸਾਹਮਣੇ ਰੱਖੀਆਂ ਗਈਆਂ, ਜਿਨ੍ਹਾਂ ਹੱਲ ਕਰਨ ਦਾ ਭਰੋਸਾ ਦਿਵਾਇਆ।
13---4ਏ