ਰਾਸ਼ਟਰਪਤੀ ਰਾਜ ਲਾਗੁੂ ਕਰ ਕੇ ਕੇਂਦਰੀ ਫ਼ੋਰਸ ਤੈਨਾਤ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰਪਤੀ ਰਾਜ ਲਾਗੁੂ ਕਰ ਕੇ ਕੇਂਦਰੀ ਫ਼ੋਰਸ ਤੈਨਾਤ

image

ਚੰਡੀਗੜ੍ਹ, 13 ਜੁਲਾਈ (ਜੀ.ਸੀ.ਭਾਰਦਵਾਜ): ਕੇਂਦਰ ਸਰਕਾਰ ਵਲੋਂ ਲਾਗੂ ਕੀਤੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਛੇੜਿਆ ਸੰਘਰਸ਼ ਹੁਣ ਪੰਜਾਬ ਵਿਚ ਨਾ ਕੇਵਲ ਹਿੰਸਕ ਰੂਪ ਲੈ ਗਿਆ ਹੈ, ਬਲਕਿ ਭਵਿੱਖ ਵਿਚ ਵੀ ਇਸ ਸਰਹੱਦੀ ਸੂਬੇ ਨੂੰ, ਟਕਰਾਅ ਦੀ ਸਥਿਤੀ ਵੱਲ ਲਿਜਾਂਦਾ ਦਿਸ ਰਿਹਾ ਹੈ। ਉਤੋਂ ਹੈਰਾਨੀ ਤੇ ਗੰਭੀਰ ਹਾਲਤ ਇਸ ਕਦਰ ਬਣ ਰਹੀ ਹੈ ਕਿ ਰਾਜ ਸਰਕਾਰ ਇਸ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਪੁਲਿਸ, ਬੀਜੇਪੀ ਲੀਡਰਾਂ, ਇਸ ਦੇ ਵਰਕਰਾਂ ਦੇ ਪੂਰੀ ਰਾਤ ਬੰਧਕ ਬਣਾਏ ਜਾਣ ’ਤੇ ਤਮਾਸ਼ਾ ਦੇਖ ਰਹੀ ਹੈ ਅਤੇ ਅੱਧੀ ਰਾਤ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ’ਤੇ ਹੀ ਇਨ੍ਹਾਂ ਅਹੁਦੇਦਾਰਾਂ ਨੂੰ ਕਢਿਆ ਜਾਂਦਾ ਹੈ।
ਇਹੋ ਜਿਹੀਆਂ 2 ਦਰਜਨ ਤੋਂ ਵੱਧ ਘਟਨਾਵਾਂ ’ਤੇ ਚਰਚਾ ਕਰਨ ਲਈ ਪਹਿਲਾਂ ਵੀ ਕੋਰ ਕਮੇਟੀ ਦੀਆਂ ਬੈਠਕਾਂ ਹੋਈਆਂ ਪਰ ਬੀਤੇ ਦਿਨ ਹੋਈ ਮਹੱਤਵਪੂਰਣ ਮੀਟਿੰਗ ਵਿਚ ਕਾਫ਼ੀ ਗਰਮਾ ਗਰਮ ਚਰਚਾ ਹੋਈ ਅਤੇ ਸਥਿਤੀ ਇਥੋਂ ਤਕ ਪਹੁੰਚ ਗਈ ਕਿ ਖੁਲ੍ਹ ਕੇ ਕਿਹਾ ਗਿਆ ‘‘ਹੁਣ ਤਾਂ ਪਾਣੀ ਸਿਰਾਂ ਤੋਂ ਲੰਘ ਗਿਆ।’’ ਕਾਂਗਰਸ ਸਰਕਾਰ ਜਾਣ ਬੁੱਝ ਕੇ ਬੀਜੇਪੀ ਤੇ ਕਿਸਾਨ ਜਥੇਬੰਦੀਆਂ ਨੂੰ ਲੜਾ ਕੇ ਪੰਜਾਬ ਦਾ ਮਾਹੌਲ ਮੁੜ ਕੇ ਅਤਿਵਾਦ ਦੇ ਕਾਲੇ ਦੌਰ ਵਾਲਾ ਬਣਾਉਣਾ ਚਾਹੁੰਦੀ ਹੈ। 
ਰੋਜ਼ਾਨਾ ਸਪੋਕਸਮੈਨ ਵਲੋਂ ਇਸ ਬੇਹੱਦ ਨਾਜ਼ੁਕ ਤੇ ਸੰਗੀਨ ਮੁੱਦੇ ’ਤੇ ਕੋਰ ਗਰੁਪ ਦੇ ਸੱਭ ਤੋਂ ਵੱਧ ਸੀਨੀਅਰ ਤੇ ਸਾਬਕਾ ਪ੍ਰਧਾਨ ਮਦਨ ਮੋਹਨ ਮਿੱਤਲ ਨਾਲ ਕੀਤੀ ਗੱਲਬਾਤ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਦੀ ਜਾਨ, ਮਾਲ ਦੀ ਰੱਖਿਆ ਅਤੇ ਵਿਸ਼ੇਸ਼ ਕਰ ਆਜ਼ਾਦ ਵਿਚਾਰਾਂ ਦੀ ਸੁਰੱਖਿਆ ਕਰਨ ਵਿਚ ਕਾਂਗਰਸ ਸਰਕਾਰ ਫ਼ੇਲ੍ਹ ਹੋ ਗਈ ਹੈ। ਲੋਕਤੰਤਰ ਦੇ 3 ਵੱਡੇ ਥੰਮ ਕਾਰਜਕਾਰਨੀ, ਵਿਧਾਨ ਸਭਾ ਤੇ ਅਦਾਲਤ ਜੁਡੀਸ਼ਰੀ ਵਿਚੋਂ ਦੋ ਪਹਿਲੇ, ਕੰਟਰੋਲ, ਮੁੱਖ ਮੰਤਰੀ ਕੋਲ ਹਨ, ਉਹ ਹੀ ਪੁਲਿਸ ਰਾਹੀਂ ਰਾਜਪੁਰਾ ਵਰਗੀ ਘਟਨਾ ਦਾ ਹੱਲ ਕਰਨ ਵਿਚ ਫ਼ੇਲ੍ਹ ਰਹੇ। ਰਾਤ ਨੂੰ ਅਦਾਲਤ ਦੇ ਹੁਕਮਾਂ ਨਾਲ ਹੀ ਰਾਹਤ ਮਿਲ ਸਕੀ।
ਮਦਨ ਮੋਹਨ ਮਿੱਤਲ ਨੇ ਸਾਫ਼ ਸਪੱਸ਼ਟ ਵਿਚ ਕਿਹਾ ਕਿ ਪੰਜਾਬ ਦੀ ਸਿਆਸੀ ਤੇ ਸਮਾਜਕ ਹਾਲਤ ਇੰਨੀ ਡਿੱਗ ਚੁੱਕੀ ਹੈ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ, ਕੇਂਦਰੀ ਫ਼ੋਰਸ ਤੈਨਾਤ ਕਰਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਉਨ੍ਹਾਂ ਪੁਛਿਆ ਕਿ 2 ਮਹੀਨੇ ਪਹਿਲਾਂ, ਅਬੋਹਰ ਦੇ ਬੀਜੇਪੀ ਵਿਧਾਇਕ ਨੂੰ ਨੰਗਾ ਕੀਤਾ, ਉਸ ਦੇ ਬਤੌਰ ਵਿਧਾਇਕ ਵਿਸ਼ੇਸ਼ ਅਧਿਕਾਰ ਦਾ ਹਨਨ ਹੋਇਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਗੰਭੀਰ ਨੋਟਿਸ ਨਹੀਂ ਲਿਆ। 
ਮਿੱਤਲ ਨੇ ਦਸਿਆ ਕਿ ਬੀਤੇ ਕਲ੍ਹ ਪਾਰਟੀ ਪ੍ਰਧਾਨ ਦੀ ਅਗਵਾਈ ਵਿਚ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ, ਅਜੇ ਤਕ ਨਾ ਤਾਂ ਡੀ.ਜੀ.ਪੀ. ਨਾ ਹੀ ਕਿਸੇ ਸਿਵਲ ਅਧਿਕਾਰੀ ਨੂੰ ਤਾੜ ਕੀਤੀ ਗਈ ਜਿਸ ਦਾ ਸਿੱਧਾ ਮਤਲਬ ਹੈ ਕਿ ਕਾਂਗਰਸ ਸੀ.ਐਮ. ਨੂੰ ਕੋਈ ਚਿੰਤਾ ਹੀ ਨਹੀਂ। ਮਦਨ ਮੋਹਨ ਮਿੱਤਲ ਨੇ ਸਾਫ਼ ਕਿਹਾ ਕਿ ਕਿਸਾਨਾਂ ਦੀ ਆੜ ਵਿਚ, ਕਾਂਗਰਸ ਪਾਰਟੀ, ਇਸ ਦੇ ਨੇਤਾ ਖ਼ੁਦ ਬੀਜੇਪੀ ਨੇਤਾਵਾਂ ਅਤੇ ਵਰਕਰਾਂ ਨੂੰ ਟਕਰਾਅ ਵਾਲੀ ਹਾਲਤ ਵਿਚ ਲਿਆਉਣ ਲਈ ਜ਼ੋਰ ਲਾਉਂਦੇ ਹਨ ਤਾਕਿ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਮਾੜਾ ਅਸਰ, ਪੰਜਾਬ ਦੇ ਲੋਕਾਂ ’ਤੇ ਨਾ ਦਿਸੇ।
ਸਾਬਕਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਉਤਰਾਖੰਡ, ਉਤਰ ਪ੍ਰਦੇਸ਼, ਮਨੀਪੁਰ, ਗੋਆ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਵਿਚ ਚੋਣਾਂ ਹੋਣੀਆਂ ਹਨ ਅਤੇ ਸਾਰੀਆਂ ਪਾਰਟੀਆਂ ਨੂੰ ਇਕੋ ਜਿਹਾ ਲੈਵਲ ਚੋਣ ਮੈਦਾਨ ਪ੍ਰਾਪਤ ਹੋਣਾ ਜ਼ਰੂਰੀ ਹੈ ਅਤੇ ਜੇ ਬੀਜੇਪੀ ਨੇਤਾਵਾਂ ਤੇ ਵਰਕਰਾਂ ਨੂੰ ਬੈਠਕਾਂ ਕਰਨ ਤੋਂ ਰੋਕਣਾ ਹੈ, ਗੁੰਡਾਗਰਦੀ ਤੇ ਧੱਕਾਸ਼ਾਹੀ ਕਰਨੀ ਹੈ ਤਾਂ ਨਿਰਪੱਖ ਤੇ ਆਜ਼ਾਦ ਮਾਹੌਲ ਕਿਵੇਂ ਪ੍ਰਾਪਤ ਹੋ ਸਕੇਗਾ।
ਮਿੱਤਲ ਨੇ ਇਸ਼ਾਰਾ ਕੀਤਾ ਕਿ ਰਾਜਪਾਲ, ਮੁੱਖ ਮੰਤਰੀ ਜਾਂ ਡੀ.ਜੀ.ਪੀ. ਪਾਸ ਵਫ਼ਦ ਭੇਜਣ ਨਾਲ ਕੁੱਝ ਨਹੀਂ ਸੰਵਰਨਾ ਕੇਵਲ ਤੇ ਕੇਵਲ ਥੋੜ੍ਹੇ ਸਮੇਂ ਬਾਅਦ ਗੰਭੀਰ ਵਿਚਾਰ ਚਰਚਾ ਕਰ ਕੇ ਪੰਜਾਬ ਦੇ ਸੀਨੀਅਰ ਪਾਰਟੀ ਨੇਤਾਵਾਂ ਦਾ ਡੈਲੀਗੇਸ਼ਨ ਕੇਂਦਰੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਹੀ ਪੁਖ਼ਤਾ ਹੱਲ ਲੱਭਣ ਦੇ ਯੋਗ ਹੋਵੇਗਾ।
ਫ਼ੋਟੋ ਨਾਲ ਨੱਥੀ