CM ਮਾਨ ਦੇ ਘਰ ਬਾਹਰ ਬੇਰੁਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਝੜਪ
ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਨੇ ਕਿਹਾ ਕਿ ਸਾਨੂੰ ਰੁਜ਼ਗਾਰ ਦਿਓ ਜਾਂ ਗੋਲੀ ਮਾਰ ਦਿਓ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਰੋਸ ਮੁਜਾਹਰਾ ਕੀਤਾ ਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਮ ਤੋਂ ਰੋਕਣ ਲਈ ਪੁਲਿਸ ਨੇ ਬੈਰੀਕੇਡਿੰਗ ਵੀ ਕੀਤੀ ਸੀ ਪਰ ਉਹਨਾਂ ਨੇ ਫਿਰ ਵੀ ਬੈਰੀਕੇਡ ਪਾਰ ਕਰਕੇ ਮੁੱਖ ਮੰਤਰੀ ਰਿਹਾਇਸ਼ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਹ ਦੇਖ ਕੇ ਪੁਲਿਸ ਨਾਲ ਉਹਨਾਂ ਦੀ ਹੱਥੋਪਾਈ ਵੀ ਹੋਈ।
ਇਸ ਦੌਰਾਨ ਇੱਕ ਬੇਰੁਜ਼ਗਾਰ ਅਧਿਆਪਕ ਬੇਹੋਸ਼ ਵੀ ਹੋ ਗਿਆ। ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਨੇ ਕਿਹਾ ਕਿ ਸਾਨੂੰ ਰੁਜ਼ਗਾਰ ਦਿਓ ਜਾਂ ਗੋਲੀ ਮਾਰ ਦਿਓ। ਇਸ ਪ੍ਰਦਰਸ਼ਨ ਦੀ ਅਗਵਾਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਕਲਮ ਸਭ ਤੋਂ ਪਹਿਲਾਂ ਰੁਜ਼ਗਾਰ ਦੇਣ ਲਈ ਚੱਲੇਗੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ।
ਅਧਿਆਪਕਾਂ ਨੇ ਕਿਹਾ ਕਿ ਅਸੀਂ ਪਿਛਲੇ 5 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ। 'ਆਪ' ਨੇ ਹਮੇਸ਼ਾ ਵਾਅਦਾ ਕੀਤਾ ਕਿ ਜੇਕਰ ਸਰਕਾਰ ਬਣੀ ਤਾਂ ਪਹਿਲ ਦੇ ਆਧਾਰ 'ਤੇ ਸਾਰੀਆਂ ਮੰਗਾਂ ਹੱਲ ਕੀਤੀਆਂ ਜਾਣਗੀਆਂ। ਕਈ ਵਾਰ ਮੀਟਿੰਗਾਂ ਹੋਈਆਂ ਪਰ ਸਰਕਾਰ ਬਣਨ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਈ। ਪਿਛਲੇ 5 ਸਾਲਾਂ ਵਿਚ ਜੋ ਸਾਡੇ ਨਾਲ ਪਹਿਲਾਂ ਹੋਇਆ ਉਹੀ ਹੁਣ ਵੀ ਹੋ ਰਿਹਾ ਹੈ।