ਕਪੂਰਥਲਾ ਦੀ ਕੇਂਦਰੀ ਜੇਲ ਵਿਚ ਖ਼ੂਨੀ ਝੜਪ, ਇਕ ਦੀ ਮੌਤ ਅਤੇ 3 ਹਵਾਲਾਤੀ ਗੰਭੀਰ ਜ਼ਖ਼ਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਸਮੇਤ 3 ਭਰਾ ਇਕ ਕਤਲ ਕੇਸ 'ਚ ਕੱਟ ਰਹੇ ਸਨ ਜੇਲ 

Punjab news

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਕੇਂਦਰੀ ਜੇਲ ਕਪੂਰਥਲਾ 'ਚ ਤੜਕਸਾਰ ਹੋਈ ਲੜਾਈ  ਦੌਰਾਨ 4 ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਹੈ। ਇਕ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਸੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਿਮਰਨ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਧੀਰਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਫਗਵਾੜਾ ਯੂਨਿਟ ਵਲੋਂ ਡਾ. ਲਹਿੰਬਰ ਰਾਮ ਸਨਮਾਨਤ

ਜਾਣਕਾਰੀ ਅਨੁਸਾਰ ਮ੍ਰਿਤਕ ਅਪਣੇ ਦੋ ਸਕੇ ਭਰਾਵਾਂ ਸਮੇਤ ਇਕ ਕਤਲ ਦੇ ਮੁਕੱਦਮੇ ਵਿਚ ਕਪੂਰਥਲਾ ਜੇਲ ਵਿਚ ਬੰਦ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਾਤਲ ਦੇ ਐਮਰਜੈਂਸੀ ਵਾਰਡ 'ਚ ਤਾਇਨਾਤ ਡਾ. ਨਵਦੀਪ ਕੌਰ ਨੇ ਦਸਿਆ ਕਿ ਅੱਜ ਸਵੇਰੇ ਕੇਂਦਰੀ ਜੇਲ ਤੋਂ ਚਾਰ ਜ਼ਖ਼ਮੀ ਹਵਾਲਾਤੀ ਜਿਨ੍ਹਾਂ 'ਚ ਸਿਮਰਨ ਸਿੰਘ, ਸੁਰਿੰਦਰ ਸਿੰਘ, ਅਮਨਪ੍ਰੀਤ ਸਿੰਘ ਤੇ ਵਰਿੰਦਰਪਾਲ ਸਿੰਘ ਨੂੰ ਇਲਾਜ ਲਈ ਲਿਆਂਦਾ ਗਿਆ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਾਇਰ ਸੈਂਟਰ ਰੈਫ਼ਰ ਕੀਤਾ ਗਿਆ ਬਾਕੀ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। 

ਦਸਿਆ ਜਾ ਰਿਹਾ ਕਿ ਕੇਂਦਰੀ ਜੇਲ 'ਚ ਤੜਕਸਾਰ ਪੁਰਾਣੀ ਰੰਜ਼ਸ਼ ਦੇ ਚੱਲਦਿਆਂ ਇਨ੍ਹਾਂ 4 ਹਵਾਲਾਤੀਆਂ ’ਤੇ ਸੁੱਤੇ ਪਏ 'ਤੇ ਜੇਲ 'ਚ ਬੰਦ ਦੂਸਰੇ ਗੁੱਟ ਦੇ ਕੁੱਝ ਦੋਸ਼ੀਆਂ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ। ਜਿਨ੍ਹਾਂ ਨੂੰ ਜੇਲ ਪ੍ਰਸ਼ਾਸਨ ਵਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਹੈ। ਵਾਰ-ਵਾਰ ਸੰਪਰਕ ਕਰਨ ਤੇ ਥਾਣਾ ਕੋਤਵਾਲੀ ਮੁਖੀ ਅਤੇ ਜੇਲ ਸੁਪਰਡੈਂਟ ਕਪੂਰਥਲਾ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਹਨ।