ਘੱਗਰ ਦੇ ਪਾਣੀ ਨੇ ਮਕਾਨ ਦਾ ਕੀਤਾ ਭਾਰੀ ਨੁਕਸਾਨ, ਪ੍ਰਵਾਰ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਕ ਘਰ ਵਿਚ 4 ਪ੍ਰਵਾਰ ਰਹਿ ਰਹੇ ਹਨ, ਜਦਕਿ ਇਸ ਘਰ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਹੋਰ ਆਸਰਾ ਨਹੀਂ ਹੈ

photo

 

ਜ਼ੀਰਕਪੁਰ, 13 ਜੁਲਾਈ (ਜੇ.ਐੱਸ. ਕਲੇਰ) ਸ਼ਨਿੱਚਰਵਾਰ ਤੋਂ ਲਗਾਤਾਰ ਤਿੰਨ ਦਿਨ ਪਈ ਮੋਹਲੇਧਾਰ ਬਾਰਿਸ਼ ਤੋਂ ਬਾਅਦ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਡੇਰਾਬੱਸੀ ਹਲ਼ਕੇ ਵਿਚ ਜਿੱਥੇ ਕਈ ਪਿੰਡਾਂ ਦੇ ਹਾਲਾਤ ਬੇਕਾਬੂ ਹੋ ਗਏ ਸਨ, ਉੱਥੇ ਹੀ ਘੱਗਰ ਦਾ ਪਾਣੀ ਪਿੰਡ ਸਤਾਬਗੜ੍ਹ ਵਿਚ ਵੜ ਜਾਣ ਕਾਰਨ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਹੀ ਸਤਾਬਗੜ੍ਹ ਪਿੰਡ ਦੇ ਨਜ਼ਦੀਕ ਵਸੇ ਨਵਾਂਗਰਾਓਂ ਪਿੰਡ ਦੇ ਇਕ ਘਰ ਵਿਚ ਪਾਣੀ ਨੇ ਭਾਰੀ ਨੁਕਸਾਨ ਕੀਤਾ ਹੈ।
ਘਰ ਦੇ ਚਾਰੇ ਪਾਸੇ ਪਾਣੀ ਭਰਨ ਮੌਕੇ ਪ੍ਰਵਾਰ ਨੇ ਆਪਣੀ ਛੱਤ ਤੇ ਚੜ੍ਹ ਕੇ ਆਪਣੀ ਜਾਨ ਬਚਾਈ ਹੈ। ਗਨੀਮਤ ਵਾਲੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਜਾਣਕਾਰੀ ਦਿੰਦੇ ਹੋਏ ਪੀੜਤ ਕਮਲਜੀਤ ਕੌਰ ਨੇ ਦਸਿਆ ਕਿ ਸ਼ਨੀਵਾਰ ਤੋਂ ਲਗਾਤਾਰ ਮੀਂਹ ਪੈਣ ਤੋਂ ਬਾਅਦ ਘੱਗਰ ਦਾ ਪਾਣੀ ਉਨ੍ਹਾਂ ਦੇ ਘਰ ਤੱਕ ਪਹੁੰਚ ਗਿਆ, ਜਿਸ ਕਾਰਨ ਉਨ੍ਹਾਂ ਦਾ ਘਰ ਬੈਠ ਗਿਆ ਅਤੇ ਘਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਉਨ੍ਹਾਂ ਦੇ ਘਰ ਦੀਆਂ ਕੰਧਾਂ ਢਹਿ-ਢੇਰੀ ਹੋ ਗਈਆਂ ਹਨ, ਜਦਕਿ ਘਰ ਦੀਆਂ ਹੋਰ ਸਾਰੀਆਂ ਕੰਧਾਂ ’ਚ ਵੀ ਤਰੇੜਾਂ ਆ ਗਈਆਂ। 

ਉਨ੍ਹਾਂ ਕਿਹਾ ਕਿ ਉਹ ਸਧਾਰਨ ਪ੍ਰਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਇੱਕ ਘਰ ਵਿਚ 4 ਪ੍ਰਵਾਰ ਰਹਿ ਰਹੇ ਹਨ, ਜਦਕਿ ਇਸ ਘਰ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਹੋਰ ਆਸਰਾ ਨਹੀਂ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਘਰ ਵਿਚ 7 ਤੋਂ 8 ਫੁੱਟ ਪਾਣੀ ਦਾਖਲ ਹੋਣ ਕਰਕੇ ਘਰੇਲੂ ਸਮਾਨ ਦੇ ਨਾਲ-ਨਾਲ ਖਾਣ-ਪੀਣ ਦਾ ਸਾਮਾਨ ਅਤੇ ਕਣਕ ਤੱਕ ਵੀ ਖਰਾਬ ਹੋ ਚੁੱਕੀ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਦੇ ਅੰਦਰ ਅਤੇ ਬਾਹਰ ਪਾਣੀ ਜਮ੍ਹਾਂ ਹੋਣ ਕਾਰਨ ਜ਼ਹਿਰੀਲੇ ਜਾਨਵਰ ਘਰ ਵਿਚ ਦਾਖਲ ਹੋਣ ਲੱਗੇ ਹਨ। ਜਿਸ ਤੋਂ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰ ਬਾਰਿਸ਼ ਹੋਈ ਤਾਂ ਉਨ੍ਹਾਂ ਦਾ ਮਕਾਨ ਡਿੱਗ ਸਕਦਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਘੱਗਰ ਨਦੀ ਦੇ ਸਮੇਂ ਸਿਰ ਕਿਨਾਰੇ ਨੂੰ ਮਜ਼ਬੂਤ ਕੀਤਾ ਗਿਆ ਹੁੰਦਾ ਤਾਂ ਉਨ੍ਹਾਂ ਦੇ ਘਰ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਣਾ ਸੀ। ਕਮਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸੰਬਧੀ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਗਈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ ਹੈ।

ਇਸ ਸੰਬਧੀ ਗੱਲ ਕਰਨ 'ਤੇ ਬੀ.ਡੀ.ਪੀ.ਓ. ਡੇਰਾਬੱਸੀ ਰਵਨੀਤ ਕੌਰ ਨੇ ਦਸਿਆ ਕਿ ਉਨ੍ਹਾਂ ਵਲੋਂ ਸਰਵੇਖਣ ਕਰਵਾਇਆ ਜਾ ਰਿਹਾ ਹੈ, ਜੋ ਪ੍ਰਵਾਰ ਵਲੋਂ ਸੁਣਵਾਈ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਮਾਮਲਾ ਹਾਲੇ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਜਲਦ ਹੀ ਮਾਮਲੇ ਦੀ ਜਾਣਕਾਰੀ ਹਾਸਲ ਕਰ ਕੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦਿਤੀ ਜਾਵੇਗੀ। 

ਇਸ ਸੰਬਧੀ ਗੱਲ ਕਰਨ ’ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਭਾਰੀ ਬਰਸਾਤ ਤੋਂ ਬਾਅਦ ਕੋਸ਼ਲਿਆ ਅਤੇ ਸੁਖਨਾ ਝੀਲ ਤੋਂ ਛੱਡੇ ਗਏ ਪਾਣੀ ਕਰ ਕੇ ਘੱਗਰ ਦਰਿਆ ਵਿਚ ਆਏ ਪਾਣੀ ਨੇ ਹਲਕਾ ਡੇਰਾਬੱਸੀ ਦੇ ਦਰਜਨਾਂ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਹੈ। ਉਹ ਅਤੇ ਉਨ੍ਹਾਂ ਦੀਆਂ ਟੀਮਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਲੈ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ-ਪਿੰਡ ਪਹੁੰਚ ਕਰ ਰਹੇ ਹਨ। ਜਿਸ ਦੀ ਵਿਸਥਾਰ ਨਾਲ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।