ਹੜ੍ਹ ਪੀੜਤਾਂ ਲਈ ਸਿੰਘਾਂ ਨੇ ਲਾਇਆ ਲੰਗਰ, ਬੇ-ਜ਼ੁਬਾਨ ਪਸ਼ੂਆਂ ਲਈ ਵੀ ਕੀਤਾ ਹਰੇ ਚਾਰੇ ਦਾ ਪ੍ਰਬੰਧ
ਰਹਿੰਦੀ ਦੁਨੀਆਂ ਤਕ ਇਸੇ ਤਰ੍ਹਾਂ ਜਾਰੀ ਰਹੇਗਾ ਬਾਬੇ ਨਾਨਕ ਵਲੋਂ ਸ਼ੁਰੂ ਕੀਤਾ 20 ਰੁਪਏ ਦਾ ਲੰਗਰ : ਸੇਵਾਦਾਰ
ਮੋਗਾ (ਕੋਮਲਜੀਤ ਕੌਰ, ਦਲੀਪ ਕੁਮਾਰ): ਪੰਜਾਬ ਵਿਚ ਕਈ ਇਲਾਕਿਆਂ ਵਿਚ ਆਏ ਹੜ੍ਹ ਕਾਰਨ ਜਨ-ਜੀਵਨ ਪ੍ਰਭਾਵਤ ਹੋਇਆ ਹੈ। ਲਗਾਤਾਰ ਪਏ ਮੀਂਹ ਤੋਂ ਬਾਅਦ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹੇ ਗਏ। ਨਤੀਜਨ, ਕਈ ਪਿੰਡਾਂ ਵਿਚ ਪਾਣੀ ਭਰਨ ਕਾਰਨ ਲੋਕ ਬੇ-ਘਰ ਹੋ ਗਏ ਹਨ।
ਹੜ੍ਹ ਆਉਣ ਕਾਰਨ ਜਿਥੇ ਲੋਕਾਂ ਦੇ ਘਰੇਲੂ ਸਮਾਨ ਦਾ ਨੁਕਸਾਨ ਹੋਇਆ ਹੈ ਉਥੇ ਹੀ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦੇ ਹੀ ਸਿੱਖ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਗੁਰਦੁਆਰਾ ਗੁਰੂਸਰ ਖੋਸਾ ਕੋਟਲਾ ਅਤੇ ਹੋਰ ਸੰਗਤ ਦੇ ਸਹਿਯੋਗ ਨਾਲ ਪਿੰਡ ਮੰਦਰ, ਮਦਾਰਪੁਰ ਸੰਘੇੜਾ, ਤਖਤੁਵਾਲਾ, ਰਾਉਵਾਲਾ ਆਦਿ ਪਿੰਡਾਂ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਹੜ੍ਹ ਪ੍ਰਭਾਵਤ ਖੇਤਰਾਂ 'ਚ ਰਾਹਤ ਕੈਂਪਾਂ ਦੀ ਗਿਣਤੀ ਵਧਾਈ
ਇਸ ਮੌਕੇ ਸੇਵਾਦਾਰਾਂ ਨੇ ਦਸਿਆ ਕਿ ਇਹ ਕੁਦਰਤ ਦੀ ਕਰੋਪੀ ਹੈ ਜਿਸ ਨਾਲ ਅਸੀਂ ਸਾਰੇ ਮਿਲ ਕੇ ਨਜਿੱਠਾਂਗੇ। ਗੁਰੂ ਘਰ ਵਲੋਂ ਸੰਗਤ ਲਈ ਗਰਮ ਲੰਗਰ, ਦੁੱਧ ਆਦਿ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਪਸ਼ੂਆਂ ਲਈ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੇਵਾਦਾਰਾਂ ਨੇ ਦਸਿਆ ਕਿ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜਦੋਂ ਤਕ ਜ਼ਰੂਰਤ ਹੋਏਗੀ ਉਦੋਂ ਤਕ ਉਹ ਸੇਵਾਵਾਂ ਨਿਭਾਉਂਦੇ ਰਹਿਣਗੇ।
ਇਸ ਮੌਕੇ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤ ਪਿੰਡਾਂ ਨੂੰ ਪੱਕੀਆਂ ਕਿਸ਼ਤੀਆਂ ਮੁਹਈਆ ਕਰਵਾਈਆਂ ਜਾਣ ਤਾਂ ਜੋ ਸਥਾਨਕ ਵਸਨੀਕ ਆਸਾਨੀ ਨਾਲ ਸੁਰੱਖਿਅਤ ਥਾਵਾਂ 'ਤੇ ਜਾ ਸਕਣ। ਸੇਵਾਦਾਰਾਂ ਦਾ ਕਹਿਣਾ ਹੈ ਕਿ ਬਾਬੇ ਨਾਨਕ ਨੇ ਜੋ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਉਹ ਰਹਿੰਦੀ ਦੁਨੀਆਂ ਤਕ ਇਸੇ ਤਰ੍ਹਾਂ ਜਾਰੀ ਰਹੇਗਾ।