BBMB News : ਬੀ.ਬੀ.ਐਮ.ਬੀ. ਨੇ ਕੇਂਦਰੀ ਸੁਰੱਖਿਆ ਬਲਾਂ ਲਈ ਰਿਹਾਇਸ਼ ਦਾ ਪ੍ਰਬੰਧ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

BBMB News : ਪੰਜਾਬ ਸਰਕਾਰ ਦਾ ਸਖ਼ਤ ਵਿਰੋਧ

BBMB Stopped the Arrangement of Accommodation for CISF

BBMB Stopped the Arrangement of Accommodation for CISF Latest News in Punjabi ਰੋਪੜ : ਪੰਜਾਬ ਵਿਧਾਨ ਸਭਾ ਵਲੋਂ ਬੀਤੇ ਦਿਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਦੇ ਪ੍ਰਾਜੈਕਟਾਂ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੇ ਮੁਲਾਜ਼ਮਾਂ ਦੀ ਤਾਇਨਾਤੀ ਵਿਰੁਧ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਬੀ.ਬੀ.ਐਮ.ਬੀ. ਨੇ ਨੰਗਲ ਟਾਊਨਸ਼ਿਪ ਵਿਚ ਸੀ.ਆਈ.ਐਸ.ਐਫ਼. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਰਿਹਾਇਸ਼ਾਂ ਤਿਆਰ ਕਰਵਾਉਣ ਦੀ ਕਾਰਵਾਈ ਰੋਕ ਦਿਤੀ ਹੈ। ਬੀ.ਬੀ.ਐਮ.ਬੀ. ਨੇ ਇਹ ਫ਼ੈਸਲਾ ਪੰਜਾਬ ਦੇ ਸਖ਼ਤ ਵਿਰੋਧ ਕਾਰਨ ਲਿਆ ਹੈ।

ਪਿਛਲੇ ਮਹੀਨੇ ਨੰਗਲ ਵਿਚ ਅਪਣੇ ਅਧਿਕਾਰੀਆਂ ਨੂੰ ਜਾਰੀ ਕੀਤੇ ਪੱਤਰ ਵਿਚ ਬੀ.ਬੀ.ਐਮ.ਬੀ. ਪ੍ਰਬੰਧਨ ਨੇ ਨੰਗਲ ਟਾਊਨਸ਼ਿਪ ਵਿਚ ਸੀ.ਆਈ.ਐਸ.ਐਫ਼. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੇਣ ਲਈ ਘਰਾਂ ਦੀ ਨਿਸ਼ਾਨਦੇਹੀ ਕੀਤੀ ਸੀ। ਇਹ ਘਰ ਸੀ.ਸੀ., ਐਚ.ਐਚ., ਐਚ., ਜੀ.ਜੀ. ਅਤੇ ਡੀ.ਡੀ. ਬਲਾਕਾਂ ਵਿਚ ਸਨ। ਇਨ੍ਹਾਂ ਬਲਾਕਾਂ ਵਿਚ ਰਹਿ ਰਹੇ ਬੀ.ਬੀ.ਐਮ.ਬੀ. ਦੇ ਮੁਲਾਜ਼ਮਾਂ ਨੂੰ ਇਹ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਸੀ ਅਤੇ ਦਸਿਆ ਗਿਆ ਸੀ ਕਿ ਉਨ੍ਹਾਂ ਨੂੰ ਨੰਗਲ ਟਾਊਨਸ਼ਿਪ ਦੇ ਹੋਰ ਹਿੱਸਿਆਂ ਵਿਚ ਰਿਹਾਇਸ਼ ਅਲਾਟ ਕੀਤੀ ਜਾਵੇਗੀ। ਨੰਗਲ ਵਿਚਲੇ ਬੀ.ਬੀ.ਐਮ.ਬੀ. ਪ੍ਰਬੰਧਨ ਨੂੰ ਸੀ.ਆਈ.ਐਸ.ਐਫ਼. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਤੇ ਜਾਣ ਵਾਲੇ ਘਰਾਂ ਦੀ ਮੁਰੰਮਤ ਅਤੇ ਰੱਖ-ਰਖਾਉ ਲਈ ਟੈਂਡਰ ਜਾਰੀ ਕਰਨ ਲਈ ਵੀ ਕਿਹਾ ਗਿਆ ਸੀ। 

ਬੀ.ਬੀ.ਐਮ.ਬੀ. ਦੇ ਅਧਿਕਾਰੀਆਂ ਨੂੰ ਨੰਗਲ ਟਾਊਨਸ਼ਿਪ ਵਿਚ ਸੀ.ਆਈ.ਐਸ.ਐਫ਼. ਦੇ 142 ਅਧਿਕਾਰੀਆਂ ਤੇ ਕਰਮਚਾਰੀਆਂ ਲਈ ਪਰਵਾਰਕ ਰਿਹਾਇਸ਼ਾਂ ਦੇਣ ਦਾ ਨਿਰਦੇਸ਼ ਦਿਤਾ ਗਿਆ ਸੀ, ਜਿਨ੍ਹਾਂ ਵਿਚ ਇਕ ਕਮਾਂਡੈਂਟ, ਦੋ ਸਹਾਇਕ ਕਮਾਂਡੈਂਟ, ਤਿੰਨ ਇੰਸਪੈਕਟਰ, ਅੱਠ ਸਬ-ਇੰਸਪੈਕਟਰ, 20 ਸਹਾਇਕ ਸਬ-ਇੰਸਪੈਕਟਰ, 35 ਹੈੱਡ ਕਾਂਸਟੇਬਲ ਅਤੇ 73 ਕਾਂਸਟੇਬਲ ਸ਼ਾਮਲ ਸਨ। ਬਾਕੀ ਸੀ.ਆਈ.ਐਸ.ਐਫ਼. ਕਰਮਚਾਰੀਆਂ ਦੀ ਬੀ.ਬੀ.ਐਮ.ਬੀ. ਦੀ ਤਲਵਾੜਾ ਟਾਊਨਸ਼ਿਪ ਵਿਚ ਤਾਇਨਾਤੀ ਕੀਤੀ ਜਾਵੇਗੀ। ਹਾਲਾਂਕਿ, ਸੂਤਰਾਂ ਨੇ ਦਸਿਆ ਕਿ ਸੀ.ਆਈ.ਐਸ.ਐਫ਼. ਨੂੰ ਰਿਹਾਇਸ਼ਾਂ ਅਲਾਟ ਕਰਨ ਸਬੰਧੀ ਕਦਮ ਨੂੰ ਹੁਣ ਰੋਕ ਦਿਤਾ ਗਿਆ ਹੈ। ਇਸ ਦੌਰਾਨ, ਬੋਰਡ ਦੇ ਹੋਰ ਭਾਈਵਾਲ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਨੇ ਸੀ.ਆਈ.ਐਸ.ਐਫ਼. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਇਨਾਤੀ ਦਾ ਸਮਰਥਨ ਕੀਤਾ ਹੈ। 

ਉੱਚ ਪਧਰੀ ਸੂਤਰਾਂ ਨੇ ਦਸਿਆ ਕਿ 4 ਜੁਲਾਈ ਨੂੰ ਹੋਈ ਬੀ.ਬੀ.ਐਮ.ਬੀ. ਦੀ ਪੂਰੀ ਬੋਰਡ ਮੀਟਿੰਗ ਵਿਚ ਜਿੱਥੇ ਪੰਜਾਬ ਨੇ ਬੀ.ਬੀ.ਐਮ.ਬੀ. ਵਿਚ ਸੀ.ਆਈ.ਐਸ.ਐਫ਼. ਦੀ ਤਾਇਨਾਤੀ ’ਤੇ ਇਤਰਾਜ਼ ਦਾਇਰ ਕੀਤਾ ਸੀ, ਉੱਥੇ ਹੀ ਹੋਰ ਭਾਈਵਾਲ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਨੇ ਇਸ ਕਦਮ ਦਾ ਸਮਰਥਨ ਕੀਤਾ ਸੀ। ਸੂਤਰਾਂ ਨੇ ਦਸਿਆ ਕਿ ਬੀ.ਬੀ.ਐਮ.ਬੀ. ਨੇ ਇਸ ਮਾਮਲੇ ’ਤੇ ਅੰਤਮ ਫ਼ੈਸਲਾ ਲੈਣਾ ਹੈ।

(For more news apart from BBMB Stopped the Arrangement of Accommodation for CISF Latest News in Punjabi stay tuned to Rozana Spokesman.)