ਪਿੰਡ ‘ਕਾਲੂ ਵਾਲਾ ਟਾਪੂ' ਦੇ 70 ਪ੍ਰਵਾਰ ਕਿਸ਼ਤੀ ਦੇ ਭਰੋਸੇ, ਸਤਲੁਜ ਦਰਿਆ ਨਾਲ ਘਿਰੇ ਪਿੰਡ 'ਚ ਇਕ ਸਥਾਈ ਪੁਲ ਵੀ ਨਹੀਂ ਬਣਵਾ ਸਕੀਆਂ ਸਰਕਾਰਾਂ
ਹਸਪਤਾਲ, ਸਕੂਲ ਜਾਂ ਸ਼ਹਿਰ ਜਾਣ ਲਈ ਕਿਸ਼ਤੀ ਹੀ ਇਕਮਾਤਰ ਸਹਾਰਾ, ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਪਿੰਡ ਦੇ ਲੋਕ
'Kalu Wala Tapu' trust in the boat Firozpur News: ਭਾਰਤ-ਪਾਕਿਸਤਾਨੀ ਸਰਹੱਦ ਨਾਲ ਲੱਗਦਾ ਅਤੇ ਤਿੰਨ ਪਾਸਿਆਂ ਤੋਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਪਿੰਡ ਕਾਲੂ ਵਾਲਾ ਟਾਪੂ ਜਿਥੇ ਕਰੀਬ 70 ਪਰਵਾਰ ਰਹਿੰਦੇ ਹਨ। ਚੌਥੇ ਪਾਸੇ ਇਹ ਪਾਕਿਸਤਾਨ ਨਾਲ ਲੱਗਦਾ ਹੈ। ਆਬਾਦੀ ਸਿਰਫ਼ 400 ਹੈ। ਸੱਤ ਦਹਾਕਿਆਂ ਤੋਂ ਸਿਖਿਆ ਤੋਂ ਵਾਂਝੇ ਇਸ ਪਿੰਡ ਵਿਚ ਸਿਰਫ਼ ਗਿਣਵੇਂ-ਚੁਣਵੇਂ ਲੋਕ ਹੀ 12ਵੀਂ ਪਾਸ ਹਨ। ਇਹ ਪਿੰਡ ਕਾਲੂ ਵਾਲਾ (ਟਾਪੂ) ਦੀ ਹਾਲਤ ਹੈ, ਜੋ ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਵਿਚ ਪੈਂਦਾ ਹੈ। 1947 ਦੀ ਵੰਡ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਇਸ ਪਿੰਡ ਦੇ ਵਿਕਾਸ ਲਈ ਇਕ ਪੁਲ ਵੀ ਨਹੀਂ ਬਣਾਇਆ।
ਪਿੰਡ ਵਿਚ ਕੋਈ ਡਿਸਪੈਂਸਰੀ ਵੀ ਨਹੀਂ ਹੈ। ਜੇਕਰ ਕਿਸੇ ਵਿਅਕਤੀ ਦੀ ਰਾਤ ਨੂੰ ਅਚਾਨਕ ਸਿਹਤ ਵਿਗੜ ਜਾਂਦੀ ਹੈ ਤਾਂ ਪਹਿਲਾਂ ਬੀ.ਐੱਸ.ਐਫ਼ ਚੌਕੀ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਫਿਰ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਕੇ ਲਗਭਗ 16 ਕਿੱਲੋਮੀਟਰ ਦੂਰ ਫ਼ਿਰੋਜ਼ਪੁਰ ਸ਼ਹਿਰ ਵਿਚ ਸਥਿਤ ਸਿਵਲ ਹਸਪਤਾਲ ਪਹੁੰਚਣਾ ਪੈਂਦਾ ਹੈ। ਇਥੋਂ ਦੇ ਲੋਕ ਕਿਸ਼ਤੀਆਂ ਰਾਹੀਂ ਅਪਣੇ ਪਿੰਡਾਂ ਤਕ ਪਹੁੰਚਦੇ ਹਨ ਅਤੇ ਕੰਮ ਲਈ ਸ਼ਹਿਰਾਂ ਵਿਚ ਜਾਂਦੇ ਹਨ। ਇਥੇ ਪੜ੍ਹਨ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਕੇ ਸਕੂਲ ਜਾਣਾ ਪੈਂਦਾ ਹੈ। ਪਿੰਡ ਦੇ ਨੌਜਵਾਨ ਪੜ੍ਹੇ-ਲਿਖੇ ਨਹੀਂ ਹਨ।
ਪਿੰਡ ਦੇ ਛੋਟੇ ਕਿਸਾਨ ਸੁਰਜੀਤ ਸਿੰਘ ਅਤੇ ਸਵਰਨ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਜਾਣ ਲਈ ਕੋਈ ਪੁਲ ਵੀ ਨਹੀਂ ਹੈ। ਬੀ.ਐੱਸ.ਐਫ਼ ਨੇ ਇਕ ਨੀਲਾ ਪੁਲ ਲਗਾਇਆ ਹੈ, ਜੋ ਸਿਰਫ਼ ਛੇ ਮਹੀਨੇ ਆਵਾਜਾਈ ਲਈ ਚੱਲਦਾ ਹੈ। ਝੋਨੇ ਦੇ ਸੀਜ਼ਨ ਦੌਰਾਨ ਝੋਨੇ ਨਾਲ ਭਰੀਆਂ ਟਰਾਲੀਆਂ ਨੂੰ ਵੱਡੀ ਕਿਸ਼ਤੀ ਰਾਹੀਂ ਮੰਡੀ ਲਿਜਾਇਆ ਜਾਂਦਾ ਹੈ। ਪਿਛਲੇ ਕੁਝ ਸਾਲ ਪਹਿਲਾਂ ਸਿਰਫ਼ ਇਕ ਪ੍ਰਾਇਮਰੀ ਸਕੂਲ ਬਣਾਇਆ ਹੈ। ਜਿਸ ਵਿਚ ਕੋਈ ਸਥਾਈ ਅਧਿਆਪਕ ਨਹੀਂ ਹੈ। 35 ਬੱਚੇ ਇਥੇ ਪੜ੍ਹਦੇ ਹਨ। ਪਿੰਡ ਵਾਸੀ ਗੁਰਨਾਮ ਸਿੰਘ ਨੇ ਦਸਿਆ ਕਿ ਵਸਨੀਕਾਂ ਲਈ ਸਾਫ਼-ਸੁਥਰਾ ਪਾਣੀ ਪੀਣ ਲਈ ਪਿੰਡ ਵਿਚ ਕੋਈ ਵਾਟਰ ਵਰਕਸ ਨਹੀਂ ਹੈ।
ਪਿੰਡ ਦੇ ਵਸਨੀਕਾਂ ਵਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਇਕ ਮੰਗ ਪੱਤਰ ਵੀ ਦਿਤਾ ਗਿਆ, ਜਿਸ ਵਿਚ ਪਿੰਡ ਕਾਲੂਵਾਲਾ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ ਅਤੇ ਆਵਾਜਾਈ ਲਈ ਸਥਾਈ ਪੁਲ ਬਣਾਉਣ ਦੀ ਅਪੀਲ ਵੀ ਕੀਤੀ ਗਈ ਹੈ।
ਸਰਹੱਦੀ ਪਿੰਡ ਹੋਣ ਕਾਰਨ ਸਵੇਰੇ-ਸ਼ਾਮ ਬਣੇ ਰਹਿੰਦੇ ਹਨ ਕਰਫ਼ਿਊ ਵਰਗੇ ਹਾਲਾਤ
ਇਸ ਪਿੰਡ ਤੋਂ ਪਾਕਿਸਤਾਨੀ ਪਿੰਡਾਂ ਦੇ ਘਰਾਂ ਦੀਆਂ ਲਾਈਟਾਂ ਦਿਖਾਈ ਦਿੰਦੀਆਂ ਹਨ। ਪਾਕਿਸਤਾਨ ਦੇ ਤਿੰਨ ਪਿੰਡ ਮਸਤੇ ਕੇ, ਕਾਲੰਜਰ ਅਤੇ ਅਕੂਵਾੜਾ ਕਾਲੂ ਵਾਲਾ ਦੇ ਨਾਲ ਲੱਗਦੇ ਹਨ। ਜੇਕਰ ਰਾਤ ਨੂੰ ਅਚਾਨਕ ਹੜ੍ਹ ਆ ਜਾਵੇ ਤਾਂ ਜਾਨ ਬਚਾਉਣ ਲਈ ਪਾਕਿਸਤਾਨ ਦੀ ਸਰਹੱਦ ਵਲ ਭੱਜਣਾ ਪੈ ਸਕਦਾ ਹੈ। ਸ਼ਾਮ 7 ਤੋਂ 8 ਵਜੇ ਅਤੇ ਸਵੇਰੇ 4 ਤੋਂ 5 ਵਜੇ ਤਕ ਕਰਫ਼ਿਊ ਵਰਗੀ ਸਥਿਤੀ ਹੈ, ਕੋਈ ਵੀ ਵਿਅਕਤੀ ਬੀ.ਐੱਸ.ਐਫ਼ ਦੀ ਇਜਾਜ਼ਤ ਤੋਂ ਬਿਨਾਂ ਪਿੰਡ ਤੋਂ ਬਾਹਰ ਨਹੀਂ ਜਾ ਸਕਦਾ ਅਤੇ ਨਾ ਹੀ ਬਾਹਰੋਂ ਪਿੰਡ ਆ ਸਕਦਾ ਹੈ। ਕਿਸਾਨ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਬੀ.ਐੱਸ.ਐਫ਼ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਫਿਰ ਉਹ ਖੇਤਾਂ ’ਚੋਂ ਸਬਜ਼ੀਆਂ ਤੋੜ ਕੇ ਸ਼ਹਿਰ ਦੇ ਬਾਜ਼ਾਰ ਵਿਚ ਵੇਚਣ ਜਾਂਦਾ ਹੈ।
(For more news apart from “ 'Kalu Wala Tapu' trust in the boat Firozpur News,” stay tuned to Rozana Spokesman.)