ਈਸਾਪੁਰ ਦੇ ਬਰਸਾਤੀ ਚੋਅ 'ਚ ਨੌਜਵਾਨ ਮੋਟਰਸਾਈਕਲ ਸਣੇ ਰੁੜ੍ਹਿਆ
ਨਗਰ ਕੌਂਸਲ ਅਧੀਨ ਪੈਦੇ ਪਿੰਡ ਈਸਾਪੁਰ ਦਾ ਇੱਕ ਨੌਜਵਾਨ ਪਿੰਡ ਦੇ ਨਜ਼ਦੀਕ ਵਗਦੇ ਚੋਅ ਦੇ ਕਾਜਵੇਂ ਉਤੇ ਵਗ ਰਹੇ ਬਰਸਾਤੀ ਪਾਣੀ ਨੂੰ ਪਾਰ ਕਰਦੇ ਸਮੇਂ.............
ਡੇਰਾਬੱਸੀ : ਨਗਰ ਕੌਂਸਲ ਅਧੀਨ ਪੈਦੇ ਪਿੰਡ ਈਸਾਪੁਰ ਦਾ ਇੱਕ ਨੌਜਵਾਨ ਪਿੰਡ ਦੇ ਨਜ਼ਦੀਕ ਵਗਦੇ ਚੋਅ ਦੇ ਕਾਜਵੇਂ ਉਤੇ ਵਗ ਰਹੇ ਬਰਸਾਤੀ ਪਾਣੀ ਨੂੰ ਪਾਰ ਕਰਦੇ ਸਮੇਂ ਮੋਟਰਸਾਈਕਲ ਸਮੇਤ ਰੁੜ੍ਹ ਗਿਆ। ਦੁਪਹਿਰ ਬਾਅਦ ਹੋਏ ਇਸ ਹਾਦਸੇ ਦੇ ਘੰਟੇ ਕੁ ਬਾਅਦ ਉਸ ਦੀ ਮੋਟਰਸਾਈਕਲ ਤਾਂ ਕੁੱਝ ਦੂਰੀ 'ਤੇ ਮਿਲ ਗਈ ਪਰ ਨੌਜਵਾਨ ਦਾ ਕਿਤੇ ਵੀ ਪਤਾ ਨਹੀਂ ਚਲਿਆ। ਹਾਲਾਂਕਿ ਫ਼ਾਇਰ ਬ੍ਰਿਗੇਡ ਸਮੇਤ ਸੈਂਕੜੀਆਂ ਦੀ ਗਿਣਤੀ ਵਿਚ ਪਿੰਡ ਦੇ ਵਸਨੀਕ ਵੀ ਮੌਕੇ ਉੱਤੇ ਉਸਦੀ ਭਾਲ ਵਿਚ ਲੱਗ ਗਏ ਸਨ।
ਮਾਮਲਾ ਦੁਪਹਿਰ ਕਰੀਬ ਢਾਈ ਵਜੇ ਦਾ ਹੈ। 42 ਸਾਲਾ ਕੁਲਦੀਪ ਸਿੰਘ ਉਰਫ਼ ਮੇਜਰ ਪੁੱਤਰ ਸੁਖਦੇਵ ਸਿੰਘ ਵਾਸੀ ਈਸਾਪੁਰ ਅਪਣੀ ਮੋਟਰਸਾਈਕਲ 'ਤੇ ਦੋਸਤ ਜੋਗਾ ਸਿੰਘ ਨਾਲ ਭਾਂਖਰਪੁਰ ਤੋਂ ਈਸਾਪੁਰ ਪਰਤ ਰਿਹਾ ਸੀ। ਰਸਤੇ ਵਿਚ ਬਰਸਾਤੀ ਚੋਅ ਵਿਚ ਪਾਣੀ ਓਵਰਫਲੋ ਹੋ ਕੇ ਦੋ ਫੁੱਟ ਤਕ ਕਾਜਵੇ ਉਪਰੋਂ ਵਗ ਰਿਹਾ ਸੀ। ਹਾਲਾਂਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਜੋਗਾ ਵੀ ਨਸ਼ੇ ਵਿਚ ਸੀ ਪਰ ਪਾਣੀ ਵੇਖ ਉਹ ਉਤਰ ਗਿਆ। ਉਸ ਨੇ ਕੁਲਦੀਪ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਜੋਗੇ ਅਨੁਸਾਰ ਕੁਲਦੀਪ ਹਾਲੇ ਅੱਧ ਵਿਚਾਲੇ ਹੀ ਪੁੱਜਾ ਸੀ ਕਿ ਪਾਣੀ ਦੇ ਤੇਜ਼ ਵਹਾਅ ਵਿਚ ਕੁਲਦੀਪ ਮੋਟਰਸਾਈਕਲ ਸਮੇਤ ਰੜ੍ਹ ਗਿਆ।
ਉਸ ਨੇ ਤੁਰਤ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿਤੀ ਜਿਸ ਤੋਂ ਬਾਅਦ ਟਰੈਕਟਰ-ਟਰਾਲੀਆਂ ਅਤੇ ਰੱਸੇ ਲੈ ਕੇ ਪਿੰਡ ਦੇ ਲੋਕ ਮੌਕੇ ਉਤੇ ਬਚਾਅ ਕਾਰਨ ਵਿੱਚ ਲੱਗ ਗਏ। ਕੁਲਦੀਪ ਦੇ ਪਰਵਾਰ ਵਿਚ ਉਸ ਦੀ ਪਤਨੀ ਤੋਂ ਇਲਾਵਾ ਪੁੱਤਰ ਅਤੇ ਧੀ ਹਨ। ਪਾਣੀ ਡੂੰਘਾ ਘੱਟ ਪਰ ਤੇਜ਼ ਵਹਾਅ ਹੋਣ ਕਾਰਨ ਗੋਤਾਖੋਰ ਵੀ ਇਸ ਵਿਚ ਜ਼ਿਆਦਾ ਕੁੱਝ ਨਹੀਂ ਕਰ ਸਕੇ। ਮੌਕੇ 'ਤੇ ਫ਼ਾਇਰ ਬਿਗ੍ਰੇਡ ਦੀ ਟੀਮ ਵੀ ਡਟੀ ਹੋਈ ਹੈ।
ਡਰੇਨ ਪਾਇਪ ਘੱਟ ਹੋਣ ਕਾਰਨ ਵਾਰ ਵਾਰ ਓਵਰਫਲੋ ਹੋ ਰਿਹਾ ਕਾਜਵੇ : ਇਹ ਬਰਸਾਤੀ ਚੋਅ ਡੇਰਾਬੱਸੀ ਵਿਚ ਅੰਬਾਲਾ ਚੰਡੀਗੜ੍ਹ ਹਾਇਵੇ ਉਤੇ ਏਟੀਐਸ ਪ੍ਰਾਜੈਕਟ ਅਤੇ ਟਰੱਕ ਯੂਨੀਅਨ ਵਿਚੋਂ ਲੰਘਦਾ ਹੈ। ਈਸਾਪੁਰ-ਭਾਂਖਰਪੁਰ ਸੜਕ ਤੋਂ ਪਹਿਲਾਂ ਇਸ ਵਿਚ ਢਾਬੀ ਨਾਲਾ ਵੀ ਆ ਕੇ ਮਿਲ ਜਾਂਦਾ ਹੈ। ਇਸ ਕਾਜਵੇ ਤੋਂ ਬਾਅਦ ਕਰੀਬ ਡੇਢ ਕਿਮੀ ਅੱਗੇ ਜਾ ਕੇ ਇਹ ਚੋਅ ਘੱਗਰ ਨਦੀ ਵਿਚ ਜਾ ਮਿਲਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ 'ਤੇ ਕਾਜਵੇ ਦੀ ਲੰਮਾਈ ਕਰੀਬ 50 ਫ਼ੀਟ ਤਕ ਹੈ
ਪਰ ਉਸਦੇ ਹੇਠਾਂ ਡਰੇਨ ਲਈ ਢਾਈ ਫੁੱਟ ਚੋੜਾ ਸਿਰਫ ਇੱਕ ਪਾਇਪ ਹੀ ਪਾਇਆ ਗਿਆ ਹੈ ਜਦਕਿ ਅਜਿਹੇ ਅੱਧਾ ਦਰਜਨ ਪਾਇਪ ਵਿਛਾਏ ਜਾ ਸਕਦੇ ਹਨ। ਇਸ ਤੋਂ ਮੀਹ ਵਿਚ ਵਾਰ ਵਾਰ ਕਾਜਵੇ ਓਵਰਫਲੋ ਹੋਣ ਦੀ ਨੌਬਤ ਨਹੀਂ ਆਵੇਗੀ ਅਤੇ ਰਾਹਗੀਰਾਂ ਲਈ ਜੋਖਮ ਵੀ ਕਿਤੇ ਘੱਟ ਹੋ ਜਾਵੇਗਾ। ਪਿੰਡ ਦੇ ਵਸਨੀਕਾਂ ਦਾ ਕਹਿਣਾ ਸੀ ਕਿ ਸਮੱਸਿਆ ਦੇ ਹੱਲ ਬਾਰੇ ਡਰੇਨੇਜ ਵਿਭਾਗ ਦੇ ਉੱਚਾ ਅਧਿਕਾਰੀਆਂ ਨਾਲ ਮਿਲਿਆ ਜਾਵੇਗਾ।