ਪੰਜਾਬ ਵਿਚ ਕੋਰੋਨਾ ਨਾਲ ਫਿਰ ਹੋਈਆਂ ਇਕੋ ਦਿਨ ਵਿਚ 39 ਰੀਕਾਰਡ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਵੀ ਲਗਾਤਾਰ ਪੰਜਵੇਂ ਦਿਨ 1000 ਤੋਂ ਉਪਰ

corona Virus

ਚੰਡੀਗੜ੍ਹ, 12 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਹੁਣ ਤੇਜ਼ੀ ਨਾਲ ਪੈਰ ਪਸਾਰਦਾ ਦਿਖਾਈ ਦੇ ਰਿਹਾ ਹੈ। ਅੱਜ ਫਿਰ ਇਕ ਦਿਨ ਦੌਰਾਨ ਹੀ 39 ਰੀਕਾਰਡ ਮੌਤਾਂ ਹੋਈਆਂ ਹਨ। ਨਵੇਂ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਵੀ ਲਗਾਤਾਰ ਪੰਜਵੇਂ ਦਿਨ 1000 ਤੋਂ ਉਪਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਇਕ ਦਿਨ ਵਿਚ ਸੱਭ ਤੋਂ ਵੱਧ 32 ਮੌਤਾਂ ਹੋਈਆਂ ਸਨ ਪਰ ਅੱਜ ਇਸ ਤੋਂ ਵੀ ਵੱਧ ਗਈਆਂ। ਇਸ ਸਮੇਂ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲੇ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। 9022 ਮਰੀਜ਼ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 160 ਗੰਭੀਰ ਹਾਲਤ ਵਾਲੇ ਹਨ। 18 ਵੈਂਟੀਲੇਟਰ ’ਤੇ ਮੌਤ ਨਾਲ ਆਖ਼ਰੀ ਸਾਹਾਂ ਨਾਲ ਲੜ ਰਹੇ ਹਨ।

ਕੁਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਵੀ 27000 ਤਕ ਪਹੁੰਚ ਗਿਆ ਹੈ। ਹੁਣ ਤਕ ਸਰਕਾਰ ਵਲੋਂ ਤਸਦੀਕ ਅੰਕੜਿਆਂ ਅਨੁਸਾਰ ਮੌਤਾਂ ਦੀ ਗਿਣਤੀ 675 ਤਕ ਪਹੁੰਚ ਗਈ ਹੈ ਭਾਵੇਂ ਕਿ ਅਪੁਸ਼ਟ ਰੀਪੋਰਟਾਂ ਅਨੁਸਾਰ ਇਹ ਅੰਕੜਾ ਜ਼ਿਆਦਾ ਹੈ ਕਿਉਂਕਿ ਕਈ ਮ੍ਰਿਤਕ ਜੋ ਪੰਜਾਬ ਤੋਂ ਬਾਹਰ ਨਾਲ ਸਬੰਧਤ ਹੁੰਦੇ ਹਨ, ਨੂੰ ਸੂਬੇ ਦੀ ਸੂਚੀ ਵਿਚ ਨਹੀਂ ਸ਼ਾਮਲ ਕੀਤਾ ਜਾਂਦਾ। ਲੁਧਿਆਣਾ ਤੇ ਪਟਿਆਲਾ ਵਿਚ ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਪਿਛਲੇ ਕੁੱਝ ਦਿਨਾਂ ਤੋਂ ਜ਼ਿਆਦਾ ਤੇਜ਼ੀ ਨਾਲ ਵਧਿਆ ਹੈ। ਲੁਧਿਆਣਾ ਵਿਚ ਅੱਜ ਵੀ ਸ਼ਾਮ ਤਕ ਅਤੇ ਪਟਿਆਲਾ ਵਿਚ 4 ਮੌਤਾਂ ਹੋਈਆਂ ਹਨ। ਅੰਮ੍ਰਿਤਸਰ ਵਿਚ 3 ਤੇ ਮੋਹਾਲੀ ਜ਼ਿਲ੍ਹੇ ਵਿਚ 2 ਮੌਤਾਂ ਹੋਈਆਂ ਹਨ। ਹੁਸ਼ਿਆਰਪੁਰ ਵਿਚ ਵੀ 6 ਮੌਤਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਲੁਧਿਆਣਾ ਵਿਚ ਸੱਭ ਤੋਂ ਵੱਧ 202 ਮੌਤਾਂ ਹੋ ਚੁਕੀਆਂ ਹਨ ਅਤੇ ਪਾਜ਼ੇਟਿਵ ਕੇਸ ਅੰਕੜਾ ਵੀ 6000 ਤਕ ਪਹੁੰਚ ਗਿਆ ਹੈ।