ਧਰਨੇ 'ਚ ਸ਼ਾਮਲ ਹੋਣ ਆਏ ਸੁਖਬੀਰ ਬਾਦਲ ਨੂੰ ਕਾਂਗਰਸੀ ਵਿਧਾਇਕ ਨੇ ਵਿਖਾਈਆਂ ਕਾਲੀਆਂ ਝੰਡੀਆਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਨੂੰ ਖੁਦ 'ਤੇ ਲੱਗੇ ਦੋਸ਼ਾਂ ਸਬੰਧੀ ਦਰਬਾਰ ਸਾਹਿਬ ਅਰਦਾਸ ਕਰਵਾਉਣ ਦੀ ਚੁਨੌਤੀ

MLA Madan Lal Jalalpur

ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਾਰ ਖਿਲਾਫ਼ ਧਰਨੇ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਅੰਦਰ ਅੰਮ੍ਰਿਤਸਰ-ਦਿੱਲੀ ਹਾਈਵੇਅ 'ਤੇ ਪਿੰਡ ਘੱਗਰ ਸਰਾਏ ਵਿਖੇ ਧਰਨਾ ਪ੍ਰਦਰਸ਼ਨ ਕੀਤਾ।  

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੋਏ ਇਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਲੀਡਰ ਅਤੇ ਵੱਡੀ ਗਿਣਤੀ ਵਰਕਰ ਮੌਜੂਦ ਸਨ। ਇਸ ਮੌਕੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਤੇ ਐਨਕੇ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ।

ਉਧਰ ਦੂਜੇ ਪਾਸੇ ਸਥਾਨਕ ਕਾਂਗਰਸੀ ਆਗੂਆਂ ਵਲੋਂ ਵੀ ਅਕਾਲੀ ਦਲ ਦੇ ਪ੍ਰਦਰਸ਼ਨਾਂ ਦਾ ਵਿਰੋਧ ਕੀਤਾ ਗਿਆ ਹੈ। ਅੱਜ ਘਨੌਰ ਹਲਕੇ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ 'ਚ ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਗਿਆ।

ਉਨ੍ਹਾਂ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਕਿ 'ਉਹ ਮੇਰੇ ਨਾਲ ਦਰਬਾਰ ਸਾਹਿਬ ਚੱਲਣ ਤੇ ਅਰਦਾਸ ਕਰਾ ਕੇ ਕਹਿਣ ਕਿ ਜਲਾਲਪੁਰ ਦੇ ਸ਼ਰਾਬ ਮਾਫੀਆ ਨਾਲ ਸਬੰਧ ਹਨ। ਫਿਰ ਮੈਂ ਵਿਧਾਇਕੀ ਤੋਂ ਅਸਤੀਫ਼ਾ ਦੇ ਦੇਵਾਂਗਾ ਅਤੇ ਅਪਣੇ ਖ਼ਿਲਾਫ਼ ਖੁਦ ਐਫਆਈਆਰ ਦਰਜ ਕਰਵਾਵਾਂਗਾ।

ਉਨ੍ਹਾਂ ਕਿਹਾ ਜੇਕਰ ਸੁਖਬੀਰ ਸਿੰਘ ਬਾਦਲ ਮੇਰੇ ਨਾਲ ਦਰਬਾਰ ਸਾਹਿਬ ਚੱਲਣ ਤਾਂ ਮੈਂ ਕਦੇ ਚੋਣ ਨਹੀਂ ਲੜਾਂਗਾ। ਉਨ੍ਹਾਂ ਇਲਜ਼ਾਮ ਲਾਏ ਰਾਜਪੁਰਾ ਵਿਚ ਪਿਛਲੇ ਦਸ ਸਾਲ ਤੋਂ ਢਾਬੇ ਅਤੇ ਪੁਲਿਸ ਅਕਾਲੀਆਂ ਦੇ ਨਾਲ ਮਿਲੇ ਹੋਏ ਨੇ ਕਾਂਗਰਸ ਦੀ ਕਿਤੇ ਵੀ ਨਹੀਂ ਚੱਲਦੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।