ਬਾਦਲਾਂ ਦੀ ਭਾਜਪਾ ਪ੍ਰਤੀ ਵਫ਼ਾਦਾਰੀ ਤੋਂ ਵੀ ਅੱਗੇ ਲੰਘੇ ਭਾਈ ਗੋਬਿੰਦ ਸਿੰਘ ਲੌਂਗੋਵਾਲ : ਮਰੂੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਪ੍ਰਵਾਰ ਦੀ ਭਾਜਪਾ ਪ੍ਰਤੀ ਵਫ਼ਾਦਾਰੀ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤਕ ਨੂੰ ਬੇਵੱਸ ਤੇ

gobind singh longowal

ਕੋਟਕਪੂਰਾ, 12 ਅਗੱਸਤ (ਗੁਰਿੰਦਰ ਸਿੰਘ) : ਬਾਦਲ ਪ੍ਰਵਾਰ ਦੀ ਭਾਜਪਾ ਪ੍ਰਤੀ ਵਫ਼ਾਦਾਰੀ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤਕ ਨੂੰ ਬੇਵੱਸ ਤੇ ਲਾਚਾਰ ਬਣਾ ਕੇ ਰੱਖ ਦਿਤਾ ਹੈ। ‘ਏਕ ਨੂਰ ਖ਼ਾਲਸਾ ਫ਼ੌਜ’ ਦੇ ਸਰਗਰਮ ਆਗੂ ਤੇ ਨਿਡਰ ਕਵੀਸ਼ਰ ਗੁਰਭਾਗ ਸਿੰਘ ਮਰੁੂੜ ਨੇ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਕੈਨੇਡਾ ਤੋਂ ਈਮੇਲ ਰਾਹੀਂ ਭੇਜੇ ਪੈ੍ਰਸ ਨੋਟ ’ਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਬਾਦਲਾਂ ਤੇ ਭਾਜਪਾ ਦੀ ਵਫ਼ਾਦਾਰੀ ’ਚ ਅੱਗੇ ਲੰਘਣ ਮੌਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਪਣੀ ਪ੍ਰਧਾਨਗੀ ਦੇ ਫ਼ਰਜ਼ ਭੁਲ ਚੁਕਾ ਹੈ, ਕਿਉਂਕਿ ਨਰਿੰਦਰ ਮੋਦੀ ਅਤੇ ਇਕਬਾਲ ਸਿੰਘ ਪਟਨਾ ਦੇ ਬਿਆਨਾਂ ਦੇ ਵਿਵਾਦ ਸਬੰਧੀ ਪੱਤਰਕਾਰ ਵਲੋਂ ਪੁੱਛੇ ਸਵਾਲ ਦੇ ਜਵਾਬ ’ਚ ਭਾਈ ਲੌਂਗੋਵਾਲ ਐਨਾ ਆਖਣ ਦੀ ਵੀ ਜੁਰਅਤ ਨਾ ਕਰ ਸਕਿਆ ਕਿ ਸਿੱਖ ਇਕ ਵਖਰੀ ਕੌਮ ਹੈ। 

ਭਾਈ ਮਰੂੜ ਮੁਤਾਬਕ ਨਰਿੰਦਰ ਮੋਦੀ ਅਤੇ ਇਕਬਾਲ ਸਿੰਘ ਦੀ ਵਿਵਾਦਤ ਬਿਆਨਬਾਜ਼ੀ ਨਾਲ ਸਿੱਖ ਕੌਮ ਦਾ ਮਜ਼ਾਕ ਉਡਣਾ ਸੁਭਾਵਕ ਹੈ ਪਰ ਬਾਦਲ ਪ੍ਰਰਵਾਰ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੈਂਬਰਾਨ, ਅਹੁਦੇਦਾਰ ਅਤੇ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਬਿਆਨਾਂ ਦਾ ਖੰਡਨ ਕਿਉਂ ਨਹੀਂ ਕਰ ਰਿਹਾ? ਉਨ੍ਹਾਂ ਆਖਿਆ ਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ। ਭਾਈ ਮਰੂੜ ਨੇ ਆਖਿਆ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਤੋਂ ਪਤਾ ਲੱਗਦਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਜ਼ੁਲਮ ਵਿਰੁਧ ਜੂਝਣਾ ਸਿਖਾਇਆ ਪਰ ਜੇਕਰ ਕੋਈ ਸਾਡੇ ਧਰਮ ਉਪਰ ਹੀ ਕਿੰਤੂ ਕਰਦਾ ਹੈ ਤਾਂ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ।