ਭਾਈ ਮੰਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਜਗਤ ਕੋਲੋਂ ਮਾਫ਼ੀ ਮੰਗਣ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਈ ਧਿਆਨ ਸਿੰਘ ਮੰਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਜਗਤ ਕੋਲੋਂ ਮਾਫ਼ੀ ਮੰਗਣ ਲਈ ਨਿਰਦੇਸ਼

bhai dhian singh mand

ਅੰਮ੍ਰਿਤਸਰ, 12 ਅਗੱਸਤ (ਪਰਮਿੰਦਰਜੀਤ) : ਭਾਈ ਧਿਆਨ ਸਿੰਘ ਮੰਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਜਗਤ ਕੋਲੋਂ ਮਾਫ਼ੀ ਮੰਗਣ ਲਈ ਨਿਰਦੇਸ਼ ਦਿਤਾ ਹੈ। ਅਜਿਹਾ ਨਾ ਕਰਨ ’ਤੇ ਪ੍ਰਧਾਨ ਮੰਤਰੀ ਵਿਰੁਧ ਧਾਰਾ 295 ਏ ਤਹਿਤ ਪਰਚੇ ਦਰਜ ਕਰਵਾਏ ਜਾਣਗੇ। 

ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਅਯੋਧਿਆ ਸ਼ਹਿਰ ਵਿਖੇ ਰਾਮ ਮੰਦਰ ਦੀ ਉਸਾਰੀ ਲਈ ਕੀਤੇ ਗਏ ਪੂਜਨ ਸਮਾਰੋਹ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੋਬਿੰਦ ਰਮਾਇਣ ਲਿਖੇ ਜਾਣ ਦੀ ਗੱਲ ’ਤੇ ਤਲਖ਼ ਨਜ਼ਰ ਆ ਰਹੇ ਭਾਈ ਮੰਡ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਸਿੱਖਾਂ ਨੂੰ ਲਵ ਕੁੁਸ਼ ਦੀ ਔਲਾਦ ਦੱਸਣ ਵਰਗੀ ਕੀਤੀ ਗਈ ਗੁੰਮਰਾਹ ਬਿਆਨਬਾਜ਼ੀ ’ਤੇ ਵੀ ਇਤਰਾਜ਼ ਪ੍ਰਗਟ ਕੀਤਾ ਹੈ। ਭਾਈ ਮੰਡ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਬਾਹਰ ਬਣੇ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਵਿਚਾਰਾਂ ਦੀ ਸਾਂਝ ਪਾਈ।

ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਧਿਆਨ ਸਿੰਘ ਮੰਡ, ਭਾਈ ਹਿੰਮਤ ਸਿੰਘ, ਬਾਬਾ ਹਰਬੰਤ ਸਿੰਘ ਜੈਨਪੁੂਰ, ਭਾਈ ਨੱਛਤਰ ਸਿੰਘ ਕੱਲਰ ਭੈਣੀ, ਬਾਬਾ ਰਾਜਾ ਰਾਜ ਸਿੰਘ ਵਲੋਂ ਸਾਂਝੇ ਤੌਰ ’ਤੇ ਇੱਕਤਰਤਾ ਕਰ ਕੇ ਗੁਰਮਤਾ ਸੋਧਿਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਸ਼ਵਰਾ ਦਿਤਾ ਗਿਆ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੋਬਿੰਦ ਰਮਾਇਣ ਲਿਖੇ ਜਾਣ ਦਾ ਬਿਆਨ ਦੇ ਕੇ ਗੁਰੂ ਸਾਹਿਬ ਅਤੇ ਸਿੱਖ ਕੌਮ ਦਾ ਅਪਮਾਨ ਕੀਤਾ ਹੈ ਜਿਸ ਨਾਲ ਸਮੁੱਚੀ ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 

5 ਸਿੰਘ ਸਾਹਿਬਾਨ ਵਲੋਂ ਗੁਰਮਤਿ ਦੀ ਰੋਸ਼ਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਦੇਸ਼ ਦਿਤਾ ਗਿਆ ਹੈ ਕਿ ਉਹ 15 ਦਿਨਾਂ ਦੇ ਅੰਦਰ ਅਪਣਾ ਬਿਆਨ ਵਾਪਸ ਲੈਣ ਦੇ ਨਾਲ-ਨਾਲ ਸਿੱਖ ਕੌਮ ਤੋਂ ਮਾਫ਼ੀ ਮੰਗਣ ਨਹੀਂ ਤਾਂ ਧਾਰਾ 295-ਏ ਅਧੀਨ ਕੀਤੀ ਜਾਣ ਵਾਲੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਸੇ ਤਰ੍ਹਾਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਇਸ ਮੌਕੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਣ ਵਰਗੇ ਬਿਆਨਾਂ ’ਤੇ ਘੇਰਦਿਆਂ ਕਿਹਾ ਕਿ ਇਸ ਬਿਆਨਬਾਜ਼ੀ ਵਿਚ ਗਿਆਨੀ ਇਕਬਾਲ ਸਿੰਘ ਨੇ ਗੁਰੂ ਸਾਹਿਬਾਨ ਤੇ ਸਿੱਖ ਕੌਮ ਦਾ ਨਿਰਾਦਰ ਕੀਤਾ ਹੈ।

ਇਸ ਲਈ ਗਿਆਨੀ ਇਕਬਾਲ ਸਿੰਘ ਨੂੰ 20 ਅਗੱਸਤ ਤਕ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਅਪਣਾ ਪੱਖ ਸਪਸ਼ੱਟ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਸਰਬੱਤ ਖ਼ਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ  ਭਾਈ ਧਿਆਨ ਸਿੰਘ ਮੰਡ ਤੇ ਹੋਰਨਾਂ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਦਾ ਧਨਵਾਦ ਕਰਦਿਆਂ ਗੁਰਮਤੇ ਦੀ ਪ੍ਰੋੜਤਾ ਕੀਤੀ।