ਅਨਾਥ ਬੱਚਿਆਂ ਦੀ ਮਦਦ ਦਾ ਭਰੋਸਾ ਦਿਵਾਉਣ ‘ਤੇ ਬਾਲ ਸੁਰੱਖਿਆ ਅਫ਼ਸਰ ਨੇ ਸੋਨੂੰ ਸੂਦ ਦਾ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਪੋਕਸਮੈਨ ਦੀ ਖ਼ਬਰ ਦਾ ਹੋਇਆ ਅਸਰ

Sonu Sood

ਚੰਡੀਗੜ੍ਹ: ਬੀਤੇ ਦਿਨੀਂ ਤਰਨਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਚਲਦਿਆਂ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਅਨਾਥ ਹੋਏ ਬੱਚਿਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਦਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨਤਾਰਨ ਨੇ ਧੰਨਵਾਦ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਸਮਾਜ ਵਿਚ ਇਕ ਬਹੁਤ ਹੀ ਵਧੀਆ ਸੁਨੇਹਾ ਲੋਕਾਂ ਤੱਕ ਪਹੁੰਚਿਆ ਹੈ, ਜਿਸ ਨਾਲ ਹੋਰ ਸਮਾਜ ਸੇਵੀਆਂ ਨੂੰ ਅੱਗੇ ਆਉਣ ਦਾ ਹੌਂਸਲਾ ਮਿਲਦਾ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਭਵਿੱਖ ਅਤੇ ਉਹਨਾਂ ਦੀ ਸਹਿਮਤੀ ਨਾਲ ਉਹਨਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਈ ਹੈ। ਜਿਸ ਦੇ ਲਈ ਬਾਲ ਭਲਾਈ ਕਮੇਟੀ ਵੱਲੋਂ 3 ਬੱਚਿਆਂ ਨੂੰ ਰਿਸ਼ਤੇਦਾਰ ਦੇ ਘਰ ਅਤੇ ਇਕ ਬੱਚੇ ਨੂੰ ਬਾਲ ਘਰ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਕਿਸੇ ਮੁਸ਼ਕਿਲ ਦੇ ਚਲਦਿਆਂ ਵਿਭਾਗ ਵੱਲੋਂ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਨਾਲ ਸੰਪਰਕ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਬੱਚਿਆਂ ਦੇ ਰਿਸ਼ਤੇਦਾਰਾਂ ਨੇ ਵੀ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਦਾ ਧੰਨਵਾਦ ਕੀਤਾ ਹੈ। ਬੱਚਿਆਂ ਦੇ ਰਿਸ਼ਤੇਦਾਰ ਸੇਵਾ ਸਿੰਘ ਅਤੇ ਸਤਨਾਮ ਸਿੰਘ ਨੇ ਸੋਨੂੰ ਸੂਦ ਤੇ ਕਰਨ ਗਿਲਹੋਤਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਰਾਬ ਕਾਂਡ ਕਾਰਨ ਉਹਨਾਂ ਦੇ ਭਰਾ ਸੁਖਦੇਵ ਸਿੰਘ ਦਾ ਦੇਹਾਂਤ ਹੋ ਗਿਆ ਸੀ, ਜਿਸ ਦਾ ਸਦਮਾ ਉਹਨਾਂ ਦੀ ਪਤਨੀ ਜਯੋਤੀ ਨਾ ਸਹਿ ਸਕੀ। ਕਰੀਬ 2 ਘੰਟਿਆਂ ਬਾਅਦ ਉਹਨਾਂ ਦਾ ਵੀ ਦੇਹਾਂਤ ਹੋ ਗਿਆ ਤੇ ਇਹ ਬੱਚੇ ਅਨਾਥ ਹੋ ਗਏ।

 

 

ਉਹਨਾਂ ਦੱਸਿਆ ਕਿ ਇਹ ਬੱਚੇ ਹੋਰ ਜਗ੍ਹਾਂ ‘ਤੇ ਨਹੀਂ ਜਾਣਾ ਚਾਹੁੰਦੇ। ਬੱਚਿਆਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹ ਭਵਿੱਖ ਵਿਚ ਬੱਚਿਆਂ ਦੀ ਸਾਂਭ ਸੰਭਾਲ ਲਈ ਕੋਈ ਵੀ ਔਕੜ ਆਉਣ ‘ਤੇ ਉਹਨਾਂ ਨਾਲ ਤਾਲਮੇਲ ਜਰੂਰ ਕਰਨਗੇ। ਇਸ ਦੌਰਾਨ ਕਰਨ ਗਿਲਹੋਤਰਾ ਦਾ ਕਹਿਣਾ ਹੈ ਕਿ ਬੱਚੇ ਜਿੱਥੇ ਵੀ ਰਹਿਣ, ਜਦੋਂ ਤੱਕ ਉਹ ਪੈਰਾਂ 'ਤੇ ਖੜ੍ਹੇ ਨਹੀਂ ਹੋ ਜਾਂਦੇ, ਸੋਨੂੰ ਸੂਦ ਉਹਨਾਂ ਦਾ ਖਿਆਲ ਰੱਖਣਗੇ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੋਜ਼ਾਨਾ ਸਪੋਕਸਮੈਨ ਵੱਲੋਂ ਇਹਨਾਂ ਬੱਚਿਆਂ ਸਬੰਧੀ ਇਕ ਖ਼ਬਰ ਨਸ਼ਰ ਕੀਤੀ ਗਈ ਸੀ, ਜਿਸ ‘ਤੇ ਪ੍ਰਤੀਕਿਰਿਆ ਦਿੰਦਿਆਂ ਸੋਨੂੰ ਸੂਦ ਨੇ ਇਹਨਾਂ ਬੱਚਿਆਂ ਦੀ ਮਦਦ ਲਈ ਯਕੀਨ ਦਿਵਾਇਆ ਸੀ।