ਸਾਬਕਾ ਵਿਧਾਇਕ ਜਰਨੈਲ ਸਿੰਘ ‘ਆਪ’ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਿੰਦੂ ਦੇਵੀ ਦੇਵਤਿਆਂ ਬਾਰੇ ਇਤਰਾਜ਼ਯੋਗ ਟਿਪਣੀ ਕਾਰਨ ਪੀ.ਏ.ਸੀ. ਨੇ ਲਿਆ ਫ਼ੈਸਲਾ

Former MLA Jarnail Singh

ਚੰਡੀਗੜ੍ਹ, 12 ਅਗੱਸਤ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਤੇ ਪੱਤਰਕਾਰ ਰਹੇ ਜਰਨੈਲ ਸਿੰਘ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿਤਾ ਹੈ। ਇਹ ਕਾਰਵਾਈ ਉਸ ਵਲੋਂ ਹਿੰਦੂ ਦੇਵੀ ਦੇਵਤਿਆਂ ਪ੍ਰਤੀ ਵਰਤੀ ਗ਼ਲਤ ਸ਼ਬਦਾਵਲੀ ਕਾਰਨ ਬਿਨਾਂ ਕਿਸੇ ਦੇਰੀ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਣ ਵਾਲੇ ਨੁਕਸਾਨ ਦੇ ਮੱਦੇਨਜ਼ਰ ਹੋਣ ਵਾਲੇ ਨੁਕਸਾਨ ਤੋਂ ਬਚਾਅ ਕਰਨ ਵਜੋਂ ਕੀਤੀ ਗਈ ਹੈ। ਉਸ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਨ ਦੀ ਪ੍ਰਵਾਨਗੀ ਰਾਜਨੀਤਕ 

ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਕੋਲੋ ਵੀ ਲੈ ਲਈ ਗਈ ਹੈ। ਇਸ ਦੀ ਪੁਸ਼ਟੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮੌਜੂਦਾ ਵਿਧਾਇਖ ਜਰਨੈਲ ਸਿੰਘ ਨੇ ਕੀਤੀ ਹੈ। ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਜਰਨੈਲ ਸਿੰਘ ਵਿਰੁਧ ਕਾਰਵਾਈ ਦਾ ਪੂਰਾ ਸਮਰੱਥਨ ਕਰਦਿਆਂ ਕਿਹਾ ਕਿ ਪਾਰਟੀ ਸੱਭ ਧਰਮਾਂ ਤੇ ਵਰਗਾਂ ਦਾ ਬਰਾਬਰ ਸਨਮਾਨ ਕਰਦੀ ਹੈ ਅਤੇ ਅਜਿਹੀਆਂ ਟਿੱਪਣੀਆਂ ਕਰਨ ਵਾਲੇ ਵਿਅਕਤੀ ਦੀ ਪਾਰਟੀ ਵਿਚ ਕੋਈ ਥਾਂ ਨਹੀਂ । 

ਜਰਨੈਲ ਸਿੰਘ ਨੇ ਦਿਤੀ ਸਫ਼ਾਈ
ਇਸੇ ਦੌਰਾਨ ‘ਆਪ’ ਵਿਚੋਂ ਮੁਅੱਤਲ ਕੀਤੇ ਜਰਨੈਲ ਸਿੰਘ ਨੇ ਕਾਰਵਾਈ ਸਬੰਧੀ ਟਵੀਟ ਕਰ ਕੇ ਸਫ਼ਾਈ ਦੇਣ ਦਾ ਵੀ ਯਤਨ ਕੀਤਾ। ਉਸ ਨੇ ਕਿਹਾ ਕਿ ਕਲ ਮੇਰਾ ਫ਼ੋਨ ਔਨਲਾਈਨ ਕਾਲਜ ਲਈ ਨਿੱਕੇ ਬੇੇਟੇ ਕੋਲ ਸੀ। ਉਸ ਨੇ ਇਕ ਪੋਸਟ ਕਾਪੀ ਕਰ ਦਿਤੀ। ਪਰਮਾਤਮਾ ਦੇ ਸਾਰੇ ਨਾਮ ਰਾਮ, ਗੋਬਿੰਦ, ਕੇਸ਼ਵ, ਸਦਾ ਸ਼ਿਵ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਹਾਂ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਿਧਾਂਤ ਉਤੇ ਚਲਦਾ ਹਾਂ। ਪਰ ਇਹ ਸਫ਼ਾਈ ਕੰਮ ਨਾ ਆਈ।