ਜ਼ਹਿਰੀਲੀ ਸ਼ਰਾਬ ਮੁੱਦੇ 'ਤੇ ਅਕਾਲੀਆਂ ਦੀ ਲਾਮਬੰਦੀ, ਸਰਕਾਰ ਨੂੰ ਚੁਫੇਰਿਓਂ ਘੇਰਣ ਲਈ ਝੋਕੀ ਸਾਰੀ ਤਾਕਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀਆਂ ਸਮੇਤ ਸਾਰੀਆਂ ਧਿਰਾਂ ਨੇ ਸਰਕਾਰ ਨੂੰ ਘੇਰਨ ਲਈ ਸਰਗਰਮੀ ਵਧਾਈ

Akali Dal Protest

ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਕਾਂਡ ਨੇ ਪੰਜਾਬ ਅੰਦਰਲੇ ਸਾਰੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿਤੇ ਹਨ। ਕੁੱਝ ਦਿਨ ਪਹਿਲਾਂ ਜਿਹੜਾ ਅਕਾਲੀ ਦਲ ਸਰਕਾਰ ਨੂੰ ਘੇਰਨ ਲਈ ਮੁੱਦੇ ਦੀ ਤਲਾਸ਼ 'ਚ ਮੱਥਾ-ਪੋਚੀ ਕਰ ਰਿਹਾ ਸੀ, ਅੱਜ ਨਾਜਾਇਜ਼ ਸ਼ਰਾਬ ਮਾਮਲੇ ਨੂੰ ਲੈ ਕੇ ਸਰਕਾਰ ਦੇ ਨੱਕ 'ਚ ਦੰਮ ਕਰਨ ਲਈ ਪੂਰੀ ਤਰ੍ਹਾਂ ਲਾਮਬੰਦ ਹੋ ਚੁੱਕਾ ਹੈ। ਭਾਵੇਂ ਸਰਕਾਰ ਵਲੋਂ ਵੀ ਸ਼ਰਾਬ ਮਾਫੀਆ ਖਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ, ਪਰ ਸਥਿਤੀ 'ਬੂਹੇ ਆਈ ਜੰਨ ਤੇ ਵਿੰਨੋਂ ਕੁੜੀ ਦੇ ਕੰਨ' ਵਰਗੀ ਹੋਈ ਪਈ ਹੈ।

ਸਰਕਾਰ ਵਲੋਂ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਫੜਨ ਸਮੇਤ ਕੀਤੀ ਜਾ ਰਹੀ ਸਖ਼ਤ ਕਾਰਵਾਈ ਵੀ ਹੁਣ ਕਿਸੇ ਕੰਮ ਨਹੀਂ ਆ ਰਹੀ। ਹੁਣ ਹਾਲਤ ਇਹ ਹੈ ਕਿ ਅਕਾਲੀ ਦਲ ਤੋਂ ਇਲਾਵਾ ਅਕਾਲੀ ਦਲ ਟਕਸਾਲੀ, ਭਾਜਪਾ ਅਤੇ ਹੋਰ ਵਿਰੋਧੀ ਧਿਰਾਂ ਵਲੋਂ ਵੀ ਸਰਕਾਰ ਦੇ ਹਰ ਕਦਮ ਦਾ ਤੋੜ ਲੱਭਿਆ ਜਾ ਰਿਹਾ ਹੈ, ਜੋ ਨਜਾਇਜ਼ ਸ਼ਰਾਬ ਕਾਂਡ ਨੇ ਉਨ੍ਹਾਂ ਦੇ ਹੱਥ ਪਹਿਲਾਂ ਹੀ ਥਮਾ ਦਿਤਾ ਹੈ। ਅਕਾਲੀ ਦਲ ਨੇ ਹੁਣ ਨਾਜਾਇਜ਼ ਸ਼ਰਾਬ ਦੇ ਨਾਲ-ਨਾਲ ਹੋਰ ਮੁੱਦਿਆਂ ਨੂੰ ਵੀ ਜੋੜਨਾ ਸ਼ੁਰੂ ਕਰ ਦਿਤਾ ਹੈ।

ਇਨ੍ਹਾਂ 'ਚ ਰੇਤ ਮਾਫ਼ੀਆ ਅਤੇ ਬਿਜਲੀ ਦੇ ਵਧਦੇ ਬਿੱਲਾਂ ਵਰਗੇ ਮੁੱਦੇ ਸ਼ਾਮਲ ਹਨ, ਜਿਨ੍ਹਾਂ ਨੂੰ ਲੈ ਕੇ ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਵੀ ਵੱਡੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ਇਸੇ ਤਰ੍ਹਾਂ ਪਰਾਲੀ ਨੂੰ ਸਾੜਨ ਸਮੇਤ ਹੋਰ ਕਈ ਅਜਿਹੇ ਮੁੱਦੇ ਹਨ ਜੋ ਅਕਾਲੀ ਦਲ ਦੀ ਭਾਈਵਾਲ ਕੇਂਦਰ ਸਰਕਾਰ ਨਾਲ ਜੁੜੇ ਹੋਏ ਹਨ, ਪਰ  ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਬਣੇ ਮਾਹੌਲ ਨੂੰ ਵੇਖਦਿਆਂ ਅਕਾਲੀ ਦਲ ਨੇ ਹੁਣ ਇਨ੍ਹਾਂ ਸਾਰੇ ਸੁੱਤੇ ਮੁੱਦਿਆਂ ਨੂੰ ਵੀ ਸਰਕਾਰ ਖਿਲਾਫ਼ ਵਰਤਣਾ ਸ਼ੁਰੂ ਕਰ ਦਿਤਾ ਹੈ।

ਸਰਕਾਰ ਨੂੰ ਘੇਰਨ ਲਈ ਅਕਾਲੀ ਦਲ ਵਲੋਂ ਧਰਨੇ ਪ੍ਰਦਰਸ਼ਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਸ਼ੁਰੂ ਕੀਤੇ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਨੂੰ ਹੁਣ ਪੰਜਾਬ ਪੱਧਰ 'ਤੇ ਫ਼ੈਲਾਇਆ ਜਾ ਰਿਹਾ ਹੈ। ਅਕਾਲੀ ਦਲ ਵਲੋਂ ਚੰਡੀਗੜ੍ਹ ਤੋਂ ਇਲਾਵਾ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਨੂੰ ਵੀ ਵਿਸ਼ੇਸ਼ ਤਵੱਜੋਂ ਦਿਤੀ ਜਾ ਰਹੀ ਹੈ। ਇਸ ਤਹਿਤ ਅੱਜ ਅਕਾਲੀ ਦਲ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ 'ਤੇ ਪਿੰਡ ਘੱਗਰ ਸਰਾਏ 'ਚ ਸੁਖਬੀਰ ਬਾਦਲ ਦੀ ਅਗਵਾਈ 'ਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਧਰਨੇ 'ਚ ਅਕਾਲੀ ਦਲ ਦੇ ਵੱਡੀ ਗਿਣਤੀ ਵਰਕਰਾਂ ਤੋਂ ਇਲਾਵਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਐਨਕੇ ਸ਼ਰਮਾ ਆਦਿ ਵੀ ਪਹੁੰਚੇ ਹੋਏ ਸਨ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਕਾਰ 'ਤੇ ਨਾਜਾਇਜ਼ ਸ਼ਰਾਬ 'ਚੋਂ 2000 ਕਰੋੜ ਰੁਪਏ ਸੋਨੀਆ ਗਾਂਧੀ ਨੂੰ ਭੇਜਣ ਤੋਂ ਇਲਾਵਾ ਪੰਜਾਬ ਅੰਦਰ ਮਾਫੀਆ ਰਾਜ ਨੂੰ ਬੜਾਵਾ ਦੇਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਸਬਸਿਡੀ ਦੇਣ ਤੋਂ ਇਨਕਾਰੀ ਹੈ ਜਦਕਿ ਕੇਂਦਰ ਵਲੋਂ ਭੇਜੇ ਗਏ ਪੈਸੇ ਮਿਲਣ ਦੇ ਬਾਵਜੂਦ ਸਰਕਾਰੀ ਖਜ਼ਾਨਾ ਖ਼ਾਲੀ ਹੀ ਦਸਿਆ ਜਾ ਰਿਹਾ ਹੈ। ਧਰਨੇ ਦੌਰਾਨ ਅਕਾਲੀ ਆਗੂਆਂ ਵਲੋਂ ਰਾਸ਼ਨ ਘੋਟਾਲੇ ਤੋਂ ਇਲਾਵਾ, ਜ਼ਹਿਰੀਲੀ ਸ਼ਰਾਬ ਸਮੇਤ ਰੇਤ ਬਜਰੀ ਮਾਈਨਿੰਗ ਮਾਫੀਆ, ਰਾਸ਼ਨ ਬੰਦ ਘੋਟਾਲਾ ਅਤੇ ਬਿਜਲੀ ਬਿੱਲ ਮੁਆਫ਼ੀ ਵਰਗੇ ਮੁੱਦਿਆਂ ਨੂੰ ਲੈ ਕੇ ਵੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।