ਕੋਵਾ ਮੋਬਾਈਲ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਦਾ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

50 ਲੱਖ ਤੋਂ ਜ਼ਿਆਦਾ ਲੋਕਾਂ ਤਕ ਕੋਵਾ ਐਪ ਦੀ ਪਹੁੰਚ, ਲੋਕਾਂ ਲਈ ਵਰਦਾਨ ਸਿੱਧ ਹੋ ਰਿਹੈ

vini mahajan

ਚੰਡੀਗੜ੍ਹ, 12 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਾਸੀ ਬਹੁਤ ਜਲਦ ਕੋਵਾ ਐਪ ਰਾਹੀਂ ਪੂਰੇ ਸੂਬੇ ਵਿਚ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਉਪਲਬਧ ਬੈੱਡਾਂ ਦੀ ਗਿਣਤੀ ਦਾ ਪਤਾ ਲਗਾ ਸਕਣਗੇ। ਕਿਸ ਹਸਪਤਾਲ ਵਿਚ ਕਰੋਨਾ ਦੇ ਇਲਾਜ ਲਈ ਕਿੰਨੇ ਬੈੱਡ ਹਨ, ਇਸ ਬਾਰੇ ਕੋਵਾ ਐਪ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਨੇ ਕੋਰੋਨਾ ’ਤੇ ਜਿੱਤ ਹਾਸਲ ਕਰ ਲਈ ਹੈ ਉਹ ਦੂਜਿਆਂ ਦੀ ਮਦਦ ਕਰਨ ਦੇ ਮਕਸਦ ਨਾਲ ਪਲਾਜ਼ਮਾ ਦਾਨ ਕਰਨ ਲਈ ਅਪਣੀ ਸਵੈਇੱਛਾ ਕੋਵਾ ਐਪ ਰਾਹੀਂ ਜਤਾ ਸਕਣਗੇ।

ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕੋਵਾ ਐਪ ਕੋਵਿਡ-19 ਦੌਰਾਨ ਪੰਜਾਬਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਾ ਉਤੇ ਹੁਣ ਤਕ ਕੁੱਲ 50 ਲੱਖ ਰਜਿਸਟਰੇਸ਼ਨ ਹੋਈ, ਜੋ ਰੋਜ਼ਾਨਾ ਵਧ ਰਹੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਇਹ ਐਪਲੀਕੇਸ਼ਨ ਸਮੇਂ ਦੇ ਨਾਲ ਵਿਕਸਤ ਹੁੰਦੀ ਰਹੀ ਹੈ ਅਤੇ ਰਾਜ ਵਿੱਚ ਕਰਫਿਊ ਦੇ ਸਮੇਂ ਅਤੇ ਦੇਸ਼ ਭਰ ਵਿਚ ਤਾਲਾਬੰਦੀ ਦੌਰਾਨ, ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੀ ਤਕਨੀਕੀ ਟੀਮ ਸਖ਼ਤ ਮਿਹਨਤ ਕਰਦੀ ਰਹੀ ਹੈ ਅਤੇ ਉਸੇ ਸਮੇਂ ਲੋੜੀਂਦੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਦੀ ਰਹੀ ਹੈ।

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਆਨਲਾਈਨ ਓਪੀਡੀ ਲਈ ਇਸ ਨੂੰ ਈ-ਸੰਜੀਵਨੀ ਨਾਲ ਜੋੜਿਆ ਗਿਆ ਹੈ ਅਤੇ ਹੁਣ ਤਕ 1300 ਤੋਂ ਵੱਧ ਸਲਾਹ-ਮਸ਼ਵਰੇ ਕੀਤੇ ਜਾ ਚੁੱਕੇ ਹਨ। ਕੋਵਾ ਐਪ ਵਿਚ ਪ੍ਰਵਾਸੀ ਮਜ਼ਦੂਰਾਂ ਵਾਸਤੇ ਖਾਣੇ, ਆਪਣੇ ਪਿੱਤਰੀ ਰਾਜ ਜਾਣ ਲਈ ਰਜਿਸਟਰ ਕਰਨ ਅਤੇ ਰੇਲ ਗੱਡੀ ਦੀ ਟਿਕਟ ਬੁੱਕ  ਕਰਵਾਉਣ ਲਈ ਵੀ ਵਿਕਲਪ ਹਨ।

ਨਾਗਰਿਕਾਂ ਨਾਲ ਉਨਾਂ ਦੇ ਖੇਤਰ ਵਿਚ ਕਰਿਆਨੇ/ਜ਼ਰੂਰੀ ਵਸਤਾਂ ਪ੍ਰਦਾਨ ਕਰਨ ਵਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹ ਕਰਿਆਨੇ ਦਾ ਸਾਮਾਨ ਆਨਲਾਈਨ ਵੀ ਬੁੱਕ ਕਰਨ ਸਕਦੇ ਹਨ। ਸ੍ਰੀਮਤੀ ਮਹਾਜਨ ਨੇ ਦਸਿਆ ਕਿ ਕਰਫ਼ਿਊ ਦੇ ਸਮੇਂ ਦੌਰਾਨ ਆਨ ਲਾਈਨ ਕਰਫ਼ਿਊ  ਪਾਸ ਜਨਰੇਟ ਕਰਨ ਦਾ ਵਿਕਲਪ ਕੋਵਾ ਐਪ ਵਿੱਚ ਸ਼ਾਮਲ ਕੀਤਾ ਗਿਆ ਸੀ ਜੋ ਕਿ ਸਬੰਧਤ ਨੋਡਲ ਅਧਿਕਾਰੀਆਂ ਤੋਂ ਅਧਾਰਤ ਮਨਜ਼ੂਰੀ ਸੀ। ਇਸ ਵਿਕਲਪ ਨੂੰ ਹੁਣ ਪੰਜਾਬ ਰਾਜ ਵਿੱਚ ਦਾਖਲ ਹੋਣ ਲਈ ਸਵੈ-ਰਜਿਸਟ੍ਰੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਯਾਤਰੀ ਦੇ ਕੁਆਰੰਟੀਨ ਪ੍ਰੋਟੋਕੋਲ ਦੀ ਨਿਗਰਾਨੀ ਕੀਤੀ ਜਾ ਸਕੇ।