ਚੰਡੀਗੜ੍ਹ ਕਾਂਗਰਸ ਨੂੰ ਝਟਕਾ! 'AAP' 'ਚ ਸ਼ਾਮਲ ਹੋਏ ਸਾਬਕਾ ਮੇਅਰ ਪ੍ਰਦੀਪ ਛਾਬੜਾ
'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੀਪ ਛਾਬੜਾ ਦਾ ਕੀਤਾ ਸਵਾਗਤ।
ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਨੇ ਯੂ.ਟੀ ਚੰਡੀਗੜ੍ਹ 'ਚ ਕਾਂਗਰਸ (Chandigarh Congress) ਨੂੰ ਕਰਾਰਾ ਝਟਕਾ ਦਿੱਤਾ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ (Pardeep Chhabra) ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ (Joined AAP) ਕਰ ਲਈ। ਆਮ ਆਦਮੀ ਪਾਰਟੀ 'ਚ ਪ੍ਰਦੀਪ ਛਾਬੜਾ ਦਾ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਸਵਾਗਤ ਕੀਤਾ।
ਇਸ ਮੌਕੇ 'ਆਪ' ਦੀ ਕੌਮੀ ਸੰਗਠਨਾਤਮਕ ਟੀਮ ਨਿਰਮਾਣ ਦੇ ਇੰਚਾਰਜ ਦੁਰਗੇਸ ਪਾਠਕ, ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ, 'ਆਪ' ਚੰਡੀਗੜ੍ਹ ਇਕਾਈ ਦੇ ਪ੍ਰਧਾਨ ਪ੍ਰੇਮ ਗਰਗ, 'ਆਪ' ਲਈ ਐਮ.ਸੀ ਚੋਣਾਂ ਦੇ ਇੰਚਾਰਜ ਚੰਦਰਮੁਖੀ ਸਰਮਾ (ਸਾਬਕਾ ਕੌਂਸਲਰ) ਅਤੇ ਹੋਰ ਆਗੂ ਮੌਜੂਦ ਸਨ।
ਇਸ ਮੌਕੇ ਯੂ.ਟੀ. ਚੰਡੀਗੜ੍ਹ ਦੀ ਸਮੁੱਚੀ 'AAP' ਟੀਮ ਨੂੰ ਵਧਾਈ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦੀ ਚੰਡੀਗੜ੍ਹ ਇਕਾਈ ਦਿਨ- ਪ੍ਰਤੀ- ਦਿਨ ਮਜਬੂਤ ਹੋ ਰਹੀ ਹੈ। ਚੰਡੀਗੜ੍ਹ ਟੀਮ ਦੇ ਸਕਾਰਾਤਮਕ ਯਤਨਾਂ ਸਦਕਾ ਚੰਡੀਗੜ੍ਹ ਦੀਆਂ ਐਮ.ਸੀ ਚੋਣਾਂ 'ਚ ਆਮ ਆਦਮੀ ਪਾਰਟੀ ਦਿੱਲੀ ਦੀ ਜਿੱਤ ਨੂੰ ਦੁਹਰਾਏਗੀ।
ਇਸ ਮੌਕੇ ਪ੍ਰਦੀਪ ਛਾਬੜਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਦੇਸ਼ ਨੂੰ ਸਾਬਿਤ ਕਰ ਦਿੱਤਾ ਹੈ ਕਿ ਕੰਮ ਦੀ ਰਾਜਨੀਤੀ ਕੀ ਅਤੇ ਕਿਵੇਂ ਹੁੰਦੀ ਹੈ। ਛਾਬੜਾ ਨੇ ਭਾਰਤੀ ਰਾਜਨੀਤੀ 'ਚ ਆਮ ਆਦਮੀ ਪਾਰਟੀ ਨੂੰ ਨਵੀਂ ਉਮੀਦ ਕਰਾਰ ਦਿੰਦਿਆ ਪਾਰਟੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਆਉਂਦੀਆਂ ਐਮ.ਸੀ ਚੋਣਾਂ 'ਚ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਅਰਵਿੰਦ ਕੇਜਰੀਵਾਲ ਦੀ ਝੋਲੀ ਪਾਈਆਂ ਜਾਣਗੀਆਂ।