ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇ ਕਾਂਗਰਸ ਦੀ ਮਜ਼ਬੂਤੀ, ਪੰਜਾਬ ਇੰਚਾਰਜ ਛੇਤੀ ਚੰਡੀਗੜ੍ਹ ਆਉਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਲਮੇਲ ਕਮੇਟੀ ਤੇ ਪ੍ਰਚਾਰ ਕਮੇਟੀ ਦਾ ਗਠਨ ਛੇਤੀ

Captain Amarinder Singh and Navjot Sidhu

 

ਚੰਡੀਗੜ੍ਹ (ਜੀ.ਸੀ. ਭਾਰਦਵਾਜ): ਪਿਛਲੇ ਮਹੀਨੇ 23 ਜੁਲਾਈ ਨੂੰ ਬਤੌਰ ਕਾਂਗਰਸ ਪ੍ਰਧਾਨ ਦਾ ਚਾਰਜ ਸੰਭਾਲ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ 20 ਦਿਨਾਂ ਵਿਚ ਵੀ ਰੋਜ਼ਾਨਾ ਟਵਿੱਟਰਾਂ ਰਾਹੀਂ ਅਪਣੀ ਪਾਰਟੀ ਦੀ ਹੀ ਸਰਕਾਰ ਵਿਰੁਧ ਸਵਾਲ ਚੁੱਕੇ ਹਨ ਜਿਸ ਤੋਂ ਖ਼ਫ਼ਾ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਦੀ ਕੰਟਰੋਲਰ ਸੋਨੀਆ ਗਾਂਧੀ ਕੋਲ ਇਸ ਖ਼ਰਾਬ ਹੋਏ ਮਾਹੌਲ ਦਾ ਚੋਣਾਂ ’ਤੇ ਪੈਣ ਵਾਲੇ ਮਾੜੇ ਅਸਰ ਦਾ ਵੇਰਵਾ ਦਿਤਾ ਹੈ।

 

 

ਪੰਜਾਬ ਦੇ ਇਕ ਸੀਨੀਅਰ ਨੇਤਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਿੱਧੂ ਦੇ ਇਸ ਹੋਸ਼ੇਪਣ ਅਤੇ ਬੇਤੁਕੀਆਂ ਨੁਕਸਾਨਦੇਹ ਬਿਆਨਾਂ ਨਾਲ ਸੱਤਾਧਾਰੀ ਪਾਰਟੀ ਦਾ ਅਕਸ ਖ਼ਰਾਬ ਹੋ ਰਿਹਾ ਹੈ ਜਿਸ ਨਾਲ ਕਾਂਗਰਸ ਵਿਚ ਦੋ ਗੁੱਟ ਪੈਦਾ ਹੋਣ ਦੇ ਅਸਾਰ ਬਣ ਰਹੇ ਹਨ। ਇਸ ਪਾਰਟੀ ਦੇ ਇਸ ਸਿਰਕੱਢ ਨੇਤਾ ਨੇ ਦਸਿਆ ਕਿ ਹਾਈਕਮਾਂਡ ਦੇ ਨਿਰਦੇਸ਼ਾਂ ’ਤੇ ਪੰਜਾਬ ਇੰਚਾਰਜ ਹਰੀਸ਼ ਰਾਵਤ, ਸੰਭਾਵੀ ਤੌਰ ’ਤੇ ਐਤਵਾਰ 15 ਅਗੱਸਤ ਤੋਂ ਇਕ ਦੋ ਦਿਨ ਮਗਰੋਂ ਇਥੇ ਪਹੁੰਚ ਰਹੇ ਹਨ।

 

 

ਹਰੀਸ਼ ਰਾਵਤ ਦਾ ਮੁੱਖ ਮੰਤਵ ਆਉਂਦੀਆਂ ਚੋਣਾਂ ਵਿਚ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰ ਕੇ ਜਿੱਤ ਦਾ ਸੁਆਦ ਲਗਾਤਾਰ ਦੂਜੀ ਵਾਰ ਦੇਣ ਦਾ ਵਾਅਦਾ ਸਿਰੇ ਚੜ੍ਹਾਉਣਾ ਹੈ। ਹਰੀਸ਼ ਰਾਵਤ ਅਪਣੀ ਸੂਝ ਬੂਝ ਅਤੇ ਤਜਰਬੇ ਨਾਲ ਸਿੱਧੂ ਤੇ ਕੈਪਟਨ ਪੱਖੀ ਦੋਹਾਂ ਖ਼ੇਮਿਆਂ ਵਿਚੋਂ ਚੁਣ ਕੇ ਤਿੰਨ ਤਿੰਨ ਜਾਂ ਚਾਰ ਚਾਰ ਮੈਂਬਰੀ, ਕੋਆਰਡੀਨੇਸ਼ਨ ਯਾਨੀ ਤਾਲਮੇਲ ਅਤੇ ਚੋਣ ਪ੍ਰਚਾਰ ਕਮੇਟੀਆਂ ਸਥਾਪਤ ਕਰਨ ਦੇ ਹੱਕ ਵਿਚ ਹਨ।

 

 

ਇਨ੍ਹਾਂ ਪੈਨਲਾਂ ਵਿਚ ਹਰ ਵਰਗ ਤੇ ਤਜਰਬੇਕਾਰ ਮੈਂਬਰ ਪਾਏ ਜਾਣਗੇ ਜੋ ਆਉਂਦੀਆਂ ਚੋਣਾਂ ਵਿਚ ਪੁਖ਼ਤਾ ਸਲਾਹ ਦੇਣਗੇ ਅਤੇ ਦੋਵੇਂ ਪਾਸਿਉਂ ਆਪਸੀ ਉਲਝਣ ਤੋਂ ਛੁਟਕਾਰਾ ਦਿਵਾਉਣਗੇ। ਪੰਜਾਬ ਕਾਂਗਰਸ ਦੇ ਵਜ਼ੀਰਾਂ, ਸੀਨੀਅਰ ਵਿਧਾਇਕਾਂ ਅਤੇ ਨੌਜਵਾਨ ਨੇਤਾਵਾਂ ਤੇ ਸੰਭਾਵੀ ਉਮੀਦਵਾਰਾਂ ਵਿਚ ਅੱਜਕਲ ਮਾਝਾ, ਮਾਲਵਾ ਤੇ ਦੋਆਬਾ ਹਲਕਿਆਂ ਵਿਚ ਆਮ ਚਰਚਾ ਹੈ ਕਿ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਕੈਪਟਨ ਸੋਚ ਅਤੇ ਕੰਮ ਕਰਨ ਦੇ ਸਟਾਈਲ ਨੂੰ ਢਾਹ ਜ਼ਰੂਰ ਲੱਗੀ ਹੈ ਪਰ ਕਾਂਗਰਸ ਵਿਚ ਹਲਚਲ ਪੈਦਾ ਕਰ ਕੇ ਸਿੱਧੂ ਨੇ ਨਵੀਂ ਰੂਹ ਜ਼ਰੂਰ ਪੈਦਾ ਕੀਤੀ ਹੈ।

 

 

 

ਕੁੱਝ ਸੁਲਝੇ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਜਿੱਤ ਵਲ ਵੱਧ ਰਿਹਾ ਮਾਹੌਲ ਨਵਜੋਤ ਸਿੰਘ ਸਿੱਧੂ ਜੇ ਬਰਕਰਾਰ ਅਗਲੇ 2 ਮਹੀਨੇ ਹੋਰ ਰੱਖ ਸਕੇ ਅਤੇ ਮੁੱਖ ਮੰਤਰੀ ਦੀ ਆਲੋਚਨਾ ਕਰਨੀ ਬੰਦ ਕਰ ਦੇਵੇ ਤਾਂ ਜ਼ਰੂਰ ਚੋਣ ਨਤੀਜੇ ਕਾਂਗਰਸ ਦੇ ਪੱਖ ਵਿਚ ਜਾਣਗੇ। ਦੂਜੇ ਪਾਸੇ ਵਿਰੋਧੀ ਧਿਰਾਂ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਗਠਜੋੜ, ਆਪ, ਬੀਜੇਪੀ ਤੇ ਕਿਸਾਨ ਮੋਰਚਾ ਆਪੋ ਅਪਣੀ ਕੋਸ਼ਿਸ਼ ਵਿਚ ਹਨ ਕਿ ਵੱਧ ਤੋਂ ਵੱਧ ਢਾਹ ਸੱਤਾਧਾਰੀ ਧਿਰ ਨੂੰ ਲਗਾਈ ਜਾਵੇ। ਕਾਂਗਰਸ ਹਾਈਕਮਾਂਡ ਦੇ ਸੂਤਰਾਂ ਤੋਂ ਇਸ਼ਾਰਾ ਮਿਲਿਆ ਹੈ ਕਿ ਹਰੀਸ਼ ਰਾਵਤ, ਪੰਜਾਬ ਦੀ ਉਲਝਣ ਨੂੰ ਛੇਤੀ ਹੱਲ ਕਰਨ ਦੇ ਮੂਡ ਵਿਚ ਹਨ ਕਿਉਂਕਿ ਉਹ ਖ਼ੁਦ ਵੀ ਉਤਰਾਖੰਡ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਵਿਚ ਦਿਲਚਸਪੀ ਲੈ ਰਹੇ ਹਨ।